ਚੰਡੀਗੜ੍ਹ: ਬੇਅੰਤ ਸਿੰਘ ਹੱਤਿਆ ਕਾਂਡ ਵਿੱਚ ਫਾਂਸੀ ਦਾ ਸਜ਼ਾ ਯਾਫਤਾ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਸ਼੍ਰੋਮਣੀ ਕਮੇਟੀ ਦੇ ਰਵੱਈਏ ਤੋਂ ਖਫਾ ਹੈ। ਇਸ ਲਈ ਰਾਜੋਆਣਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਭੇਜੇ ਵਫ਼ਦ ਦੀ ਗੱਲ ਨਾ ਮੰਨਦਿਆਂ ਭੁੱਖ ਹੜਤਾਲ ਜਾਰੀ ਰੱਖੀ ਹੈ।   ਸੂਤਰਾਂ ਮੁਤਾਬਕ ਭਾਈ ਰਾਜੋਆਣਾ ਦੀ ਮੂੰਹ ਬੋਲੀ ਭੈਣ ਕਮਲਦੀਪ ਕੌਰ ਦੇ ਪਤੀ ਬਲਜੀਤ ਸਿੰਘ ਨੂੰ ਪਿਛਲੇ ਸਾਲ ਸ਼੍ਰੋਮਣੀ ਕਮੇਟੀ ਨੇ ਨੌਕਰੀ ਦੇ ਦਿੱਤੀ ਸੀ। ਬਲਜੀਤ ਸਿੰਘ ਨੂੰ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਵਿੱਚ ਬਤੌਰ ਸੁਪਰਵਾਈਜ਼ਰ (ਲੀਗਲ) ਤੇ ਆਡਿਟ ਸੁਪਰਵਾਈਜ਼ਰ ਤਾਇਨਾਤ ਕੀਤਾ ਗਿਆ ਸੀ। ਹੁਣ ਪਿਛਲੇ ਕੁਝ ਚਿਰ ਤੋਂ ਪਹਿਲੀਆਂ ਸੇਵਾਵਾਂ ਵਾਪਸ ਲੈ ਲਈਆਂ ਤੇ ਹੁਣ ਬਲਜੀਤ ਸਿੰਘ ਨੂੰ ਕੋਈ ਵੀ ਕੰਮ ਨਹੀਂ ਸੌਂਪਿਆ ਗਿਆ। ਬਲਜੀਤ ਸਿੰਘ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਅਜਿਹਾ ਵਤੀਰਾ ਇਸ ਕਰਕੇ ਕਰ ਰਹੀ ਹੈ ਤਾਂ ਜੋ ਉਹ ਖ਼ੁਦ ਹੀ ਨੌਕਰੀ ਛੱਡ ਦੇਵੇ। ਕਮਲਦੀਪ ਕੌਰ ਨੇ ਦੱਸਿਆ ਹੈ ਕਿ ਇਸ ਬਾਰੇ ਉਨ੍ਹਾਂ ਰਾਜੋਆਣਾ ਨਾਲ ਗੱਲ ਕੀਤੀ ਸੀ ਤੇ ਉਸ ਨੇ ਨਸੀਹਤ ਦਿੱਤੀ ਸੀ ਕਿ ਬਲਜੀਤ ਸਿੰਘ ਖ਼ੁਦ ਨੌਕਰੀ ਨਾ ਛੱਡੇ। ਸ਼੍ਰੋਮਣੀ ਕਮੇਟੀ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਬਲਜੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਹੇਠਲੇ ਟਰੱਸਟ ਵਿੱਚ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਦੇ ਕਾਰਜਕਾਲ ਦੌਰਾਨ ਠੇਕੇ ’ਤੇ ਰੱਖਿਆ ਗਿਆ ਸੀ। ਬਾਅਦ ਵਿੱਚ ਰੈਗੂਲਰ ਕਰਨ ਬਾਰੇ ਕੁਝ ਪਤਾ ਨਹੀਂ।