ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਬ) ਵਿਧਾਨ ਸਭਾ ਚੋਣਾਂ ਤੋਂ ਪਹਿਲਾਂ-ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕੀ ਢਾਂਚੇ ਵਿੱਚ ਵੱਡਾ ਫੇਰਬਦਲ ਕਰਨ ਜਾ ਰਿਹਾ ਹੈ। ਸੂਤਰਾਂ ਮੁਤਾਬਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਅਹੁਦੇ ਤੋਂ ਲਾਂਭੇ ਕੀਤਾ ਜਾ ਸਕਦਾ ਤੇ ਉਨ੍ਹਾਂ ਦੀ ਥਾਂ ਸੇਵਾ ਸਿੰਘ ਸੇਖਵਾਂ ਲੈ ਸਕਦੇ ਹਨ। ਇਸ ਤੋਂ ਇਲਾਵਾ ਕੁਝ ਹੋਰ ਧਿਰਾਂ ਦੇ ਨੁਮਾਇੰਦਿਆਂ ਨੂੰ ਵੀ ਅਹੁਦੇਦਾਰੀਆਂ ਦਿੱਤੀਆਂ ਜਾ ਸਕਦੀਆਂ ਹਨ।

ਦਰਅਸਲ ਅਕਾਲੀ ਦਲ ਨੂੰ ਪੰਥਕ ਮੁੱਦਿਆਂ 'ਤੇ ਕਰੜੀ ਅਲੋਚਨਾ ਸਹਿਣੀ ਪੈ ਰਹੀ ਹੈ। ਸਭ ਤੋਂ ਵੱਧ ਨਿਸ਼ਾਨਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ 'ਤੇ ਸਾਧਿਆ ਜਾ ਰਿਹਾ ਹੈ। ਇਸ ਲਈ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਕੁਝ ਅਜਿਹਾ ਜੁਗਾੜ ਕਰਨਾ ਚਾਹੁੰਦੇ ਹਨ ਕਿ ਵਿਰੋਧੀਆਂ ਨੂੰ ਸ਼ਾਂਤ ਕੀਤਾ ਜਾ ਸਕੇ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੀ ਕਮਾਨ ਵੀ ਆਪਣੇ ਕਿਸੇ ਖਾਸ ਵਿਸਵਾਸ਼ਪਾਤਰ ਹੱਥ ਹੀ ਰਹੇ। ਇਸ ਸਭ ਕਾਸੇ ਵਿੱਚੋਂ ਸੇਖਵਾਂ ਦਾ ਨਾਂ ਸਭ ਤੋਂ ਉੱਪਰ ਹੈ।

ਹਾਸਲ ਜਾਣਕਾਰੀ ਮੁਤਾਬਕ ਸ਼੍ਰੋਮਣੀ ਕਮੇਟੀ ਵੱਲੋਂ ਨਵੇਂ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਨਵੰਬਰ ਦੇ ਪਹਿਲੇ ਹਫ਼ਤੇ ’ਚ ਕੀਤੀ ਜਾਵੇਗੀ। ਪੰਜਾਬ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਸ਼੍ਰੋਮਣੀ ਕਮੇਟੀ ਦੇ ਸਦਨ ਦਾ ਇਜਲਾਸ ਸੱਦਣ ਲਈ ਛੇਤੀ ਤਰੀਕ ਤੈਅ ਕਰਨ ਦੀ ਮੰਗ ਕੀਤੀ ਹੈ। ਇਸ ਬਾਰੇ ਕੇਂਦਰ ਵੱਲੋਂ ਨੋਟੀਫਿਕੇਸ਼ਨ ਅੱਜ-ਭਲਕ ਜਾਰੀ ਕੀਤਾ ਜਾ ਸਕਦਾ ਹੈ। ਸ਼੍ਰੋਮਣੀ ਕਮੇਟੀ ਦੇ ਹਾਊਸ ਦੀ ਬੈਠਕ 5 ਨਵੰਬਰ ਨੂੰ ਸੱਦੀ ਜਾ ਸਕਦੀ ਹੈ।