Gurdev Singh Kaunke Report: ਸ੍ਰੀ ਅਕਾਲ ਤਖ਼ਤ ਦੇ ਸਾਬਕਾ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਪੁਲਿਸ ਹਿਰਾਸਤ 'ਚ ਗੁੰਮਸ਼ੁਦਗੀ ਜਾਂ ਕਥਿਤ ਤੌਰ 'ਤੇ ਕਤਲ ਦੀ ਰਿਪੋਰਟ ਤਿੰਨ ਦਹਾਕਿਆਂ ਬਾਅਦ ਜਨਤਕ ਹੋਈ ਹੈ। ਇਹ ਮਾਮਲਾ 1992 ਦਾ ਹੈ ਤੇ ਅੱਜ ਇਸ ਰਿਪੋਰਟ ਨੂੰ  ਪੰਜਾਬ ਮਨੁੱਖੀ ਅਧਿਕਾਰ ਸੰਗਠਨ  ਵੱਲੋਂ ਜਾਰੀ ਕੀਤੀ ਗਈ ਹੈ ਅਤੇ ਇਸ ਤੋਂ ਪਹਿਲਾਂ ਇਹ ਰਿਪੋਰਟ ਕਾਰਵਾਈ ਲਈ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਬੀਤੇ ਕੱਲ੍ਹ ਸੌਂਪੀ ਗਈ ਸੀ।



ਇਸ ਸਬੰਧੀ ਖੁਲਾਸੇ ਕਰਦੇ ਹੋਏ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਨੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਉਹ ਸਿਆਸੀ ਦਬਾਅ ਨੂੰ ਨਜ਼ਰਅੰਦਾਜ਼ ਕਰਕੇ ਇਸ ਮਾਮਲੇ ’ਚ ਸਿੱਖ ਰਵਾਇਤਾਂ ਅਨੁਸਾਰ ਬਣਦੀ ਕਾਰਵਾਈ ਕਰਨ। ਵੇਰਕਾ ਨੇ ਕਿਹਾ ਕਿ ਬਦਕਿਸਮਤੀ ਦੀ ਗੱਲ ਹੈ ਕਿ ਪਿਛਲੇ 25 ਸਾਲਾਂ ਦੌਰਾਨ ਨਾ ਕਾਉਂਕੇ ਦੇ ਮਾਮਲੇ ਦੀ ਜਾਂਚ ਰਿਪੋਰਟ ‘ਤੇ ਕੋਈ ਕਾਰਵਾਈ ਹੋਈ ਅਤੇ ਨਾ ਹੀ ਜਾਂਚ ਰਿਪੋਰਟ ਨੂੰ ਜਨਤਕ ਕੀਤਾ ਗਿਆ।


ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਦੀ ਸਭ ਤੋਂ ਮਾੜੀ ਗੱਲ ਇਹ ਹੈ ਕਿ ਜਥੇਦਾਰ ਗੁਰਦੇਵ ਸਿੰਘ ਅੱਜ ਵੀ ਪੁਲਿਸ ਦੇ ਕਾਗਜ਼ਾਂ ਅਨੁਸਾਰ ਭਗੌੜਾ ਕਰਾਰ ਦਿੱਤਾ ਹੋਇਆ ਹੈ।



ਇਹ ਰਿਪੋਰਟ ਪਹਿਲਾਂ ਜੁਲਾਈ 1999 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਸੌਂਪੀ ਗਈ ਸੀ। ਕਾਉਂਕੇ ਦੀ ਨਿਆਂਇਕ ਹਿਰਾਸਤ ਵਿਚ ਹੱਤਿਆ ਦੇ ਦੋਸ਼ਾਂ ਤੋਂ ਬਾਅਦ 1998 ਵਿੱਚ ਪੰਜਾਬ ਸਰਕਾਰ ਵੱਲੋਂ ਜਾਂਚ ਦੇ ਹੁਕਮ ਦਿੱਤੇ ਗਏ ਸਨ ਜਿਸ ਦੀ ਜਾਂਚ ਉਸ ਵੇਲੇ ਏਡੀਜੀਪੀ (ਸੁਰੱਖਿਆ) ਬੀਪੀ ਤਿਵਾੜੀ ਵੱਲੋਂ ਕੀਤੀ ਗਈ ਸੀ। ਇਸ ਰਿਪੋਰਟ ਨੇ ਪੁਲੀਸ ਦੇ ਦਾਅਵਿਆਂ ’ਤੇ ਸਵਾਲ ਖੜ੍ਹੇ ਕੀਤੇ ਹਨ। 


 


ਕੌਣ ਸਨ ਗੁਰਦੇਵ ਸਿੰਘ ਕਾਉਂਕੇ


ਗੁਰਦੇਵ ਸਿੰਘ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੀ ਜਗਰਾਓਂ ਸਬ-ਡਵੀਜ਼ਨ ਦੇ ਪਿੰਡ ਕਾਉਂਕੇ ਕਲਾਂ ਵਿਖੇ ਹੋਇਆ। ਸਾਲ 1986 ਵਿੱਚ ਸ੍ਰੀ ਅਕਾਲ ਤਖ਼ਤ ’ਤੇ ਸਰਬੱਤ ਖਾਲਸਾ ਬੁਲਾ ਕੇ  ਦਮਦਮੀ ਟਕਸਾਲ ਦੇ 14ਵੇਂ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਭਤੀਜੇ ਜਸਬੀਰ ਸਿੰਘ ਰੋਡੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਥਾਪ ਦਿੱਤਾ ਗਿਆ ਸੀ।


ਜਸਬੀਰ ਸਿੰਘ ਰੋਡੇ ਉਸ ਸਮੇਂ ਜੇਲ੍ਹ ਵਿੱਚ ਹੋਣ ਕਾਰਨ ਗੁਰਦੇਵ ਸਿੰਘ ਕਾਉਂਕੇ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਬਣੇ ਸਨ ਤੇ ਬਾਅਦ ਵਿੱਚ ਰੋਡੇ ਨੇ ਜੇਲ੍ਹ ਤੋਂ ਬਾਹਰ ਆ ਕੇ ਆਪਣਾ ਅਹੁਦਾ ਸੰਭਾਲ ਲਿਆ ਸੀ। ਸਿੱਖ ਧਰਮ ਦੇ ਸਾਰੇ ਸਮੂਹਾਂ ਦਾ ਇਕੱਠ ਬੁਲਾਉਣ ਨੂੰ ਸਰਬੱਤ ਖਾਲਸਾ ਕਿਹਾ ਜਾਂਦਾ ਹੈ ਤੇ ਇਹ ਰਵਾਇਤ 18ਵੀਂ ਸਦੀ ਤੋਂ ਚਲਦੀ ਆ ਰਹੀ ਹੈ।