ਲੁਧਿਆਣਾ : ਲੁਧਿਆਣਾ ਦੀ ਇਤਿਹਾਸਕ ਜਾਮਾ ਮਸਜ਼ਿਦ ਤੋਂ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਸਾਊਦੀ ਅਰਬ ਦੇ ਬਾਦਸ਼ਾਹ ਸ਼ਹਿਜ਼ਾਦਾ ਮੁਹੰਮਦ ਬਿਨ ਸਲਮਾਨ ਦੇ ਨਾਮ ਸਾਊਦੀ ਅਰਬ ਵਿੱਚ ਕੈਦ ਸਜ਼ਾ ਏ ਮੌਤ ਦੇ ਕੈਦੀ ਪੰਜਾਬ ਦੇ ਬਲਵਿੰਦਰ ਸਿੰਘ ਦੇ ਲਈ ਮਾਫੀ ਦੀ ਅਪੀਲ ਕਰਦੇ ਹੋਏ ਅਰਬੀ ਭਾਸ਼ਾ ਵਿੱਚ ਇੱਕ ਵਿਸ਼ੇਸ਼ ਪੱਤਰ ਈਮੇਲ ਰਾਹੀਂ ਭੇਜਿਆ, ਉਨ੍ਹਾ ਕਿਹਾ ਕਿ ਇਸ ਮੌਕੇ 'ਤੇ ਸਾਨੂੰ ਸਾਰੇ ਪੰਜਾਬੀਆਂ ਨੂੰ ਇਕ ਜੁੱਟ ਹੋਕੇ ਆਪਣੇ ਆਪਣੇ ਮੁਤਾਬਿਕ ਬਲਵਿੰਦਰ ਸਿੰਘ ਦੀ ਰਿਹਾਈ ਲਈ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ।
ਸ਼ਾਹੀ ਇਮਾਮ ਮੌਲਾਨਾ ਉਸਮਾਨ ਲੁਧਿਆਣਵੀ ਨੇ ਦੱਸਿਆ ਕਿ ਜਾਮਾ ਮਾਜਿਦ ਵਲੋਂ ਅਰਬੀ ਭਾਸ਼ਾ ਵਿਚ ਸਾਊਦੀ ਵਲੀ ਅਹਦ ਅਤੇ ਸਾਊਦੀ ਹਕੂਮਤ ਦੇ ਮੁਖੀ ਸ਼ਹਜ਼ਾਦਾ ਮੁਹੰਮਦ ਬਿਨ ਸਲਮਾਨ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਅਸੀਂ ਉਨ੍ਹਾਂ ਦੇ ਦੇਸ਼ ਦੀ ਇਨਸਾਫ਼ ਦੀ ਪ੍ਰਕਿਰਿਆ 'ਤੇ ਕੋਈ ਟਿੱਪਣੀ ਕੀਤੇ ਬਗੈਰ ਸਾਊਦੀ ਹਕੂਮਤ ਤੋਂ ਆਪਣੇ ਪੰਜਾਬੀ ਭਰਾ ਲਈ ਮਾਫ਼ੀ ਦੀ ਅਪੀਲ ਕਰਦੇ ਹਾਂ।
ਸ਼ਾਹੀ ਇਮਾਮ ਨੇ ਦੱਸਿਆ ਕਿ ਪਵਿੱਤਰ ਕੁਰਆਨ ਸ਼ਰੀਫ਼ ਵਿਚ ਇਕ ਬੇਗੁਨਾਹ ਇਨਸਾਨ ਦੇ ਕਾਤਲ ਨੂੰ ਪੂਰੀ ਮਨੁੱਖਤਾ ਦਾ ਕਤਲ ਦੱਸਿਆ ਗਿਆ ਹੈ ਅਤੇ ਕੁਰਆਨ ਸ਼ਰੀਫ਼ ਵਿਚ ਬਲੱਡ ਮਨੀ ,(ਕਸਾਸ) ਲੈ ਕੇ ਕਾਤਿਲ ਨੂੰ ਰਿਹਾ ਕਰਨ ਦੀ ਗੱਲ ਨਾਲ ਇਹ ਵੀ ਹੁਕਮ ਦਿੱਤਾ ਗਿਆ ਹੈ ਕਿ ਅਗਰ ਮਕਤੂਲ ਦੇ ਘਰ ਵਾਲੇ ਕਾਤਿਲ ਨੂੰ ਮਾਫ਼ ਕਰ ਦੇਣ ਤਾਂ ਇਹ ਸਭ ਤੋਂ ਨੇਕੀ ਦਾ ਕੰਮ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਅਸੀਂ ਸਾਊਦੀ ਸਰਕਾਰ ਦੇ ਨਾਲ ਨਾਲ ਕਤਲ ਹੋਣ ਵਾਲੇ ਬੰਦੇ ਦੇ ਘਰ ਵਾਲਿਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਮਾਫ਼ੀ ਦਾ ਐਲਾਨ ਕਰ ਕੇ ਰੱਬ ਦੀ ਰਜ਼ਾ ਹਾਸਲ ਕਰਨ।
ਸ਼ਾਹੀ ਇਮਾਮ ਨੇ ਕਿਹਾ ਕਿ ਲੁਧਿਆਣਾ ਜਾਮਾ ਮਸਜਿਦ ਵਿੱਚ ਕੱਲ ਸ਼ਾਮ ਹੀ ਮੀਡੀਆ ਚੈਨਲ ਦੀ ਖ਼ਬਰ ਤੋਂ ਪਤਾ ਲੱਗਿਆ ਕਿ ਸਿਰਫ ਪੰਜ ਦਿਨ ਬਾਕੀ ਹਨ ਕਿ ਅਗਰ ਬਲੱਡ ਮਨੀ ਨਾ ਦਿੱਤੀ ਗਈ ਤਾਂ ਸਜ਼ਾ 'ਤੇ ਅਮਲ ਹੋ ਸਕਦਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਸਾਡੀ ਦੁਆ ਅਤੇ ਮੁਕਮਲ ਕੋਸ਼ਿਸ਼ ਹੈ ਕਿ ਬਲਵਿੰਦਰ ਸਿੰਘ ਦੀ ਸਜ਼ਾ ਏ ਮੌਤ ਦਾ ਹੁਕਮ ਨਾ ਸਿਰਫ ਰੱਦ ਕੀਤਾ ਜਾਏ ਬਲਕਿ ਉਸਨੂੰ ਰਿਹਾ ਕਰ ਵਾਪਿਸ ਉਸਦੇ ਪਰਿਵਾਰ ਵਿੱਚ ਭੇਜ ਦਿੱਤਾ ਜਾਣਾ ਚਾਹੀਦਾ ਹੈ।