ਚੰਡੀਗੜ੍ਹ :'ਪੰਜਾਬ ਦੀ ਕੈਟਰੀਨਾ ਕੈਫ' ਯਾਨੀ ਸ਼ਹਿਨਾਜ਼ ਗਿੱਲ (Shehnaaz Gill) ਦੇ ਪਿਤਾ ਸੰਤੋਖ ਗਿੱਲ ਨੇ ਸੁਰੱਖਿਆ ਵਾਪਸ ਲਏ ਜਾਣ 'ਤੇ ਆਖਿਆ ਕਿ ਜੇਕਰ ਮੇਰਾ ਕੋਈ ਨੁਕਸਾਨ ਹੁੰਦੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਜਿੰਮੇਵਾਰ ਹੋਣਗੇ। ਉਨ੍ਹਾਂ ਨੇ ਕਿਹਾ ਕਿ ਮੇਰੇ 'ਤੇ ਕਈ ਵਾਰ ਹਮਲੇ ਹੋ ਚੁੱਕੈ ਹਨ ਅਤੇ ਸੁਰੱਖਿਆ ਵਾਪਸ ਲਏ ਜਾਣ ਕਾਰਣ ਘਰੋਂ ਨਿਕਲਣਾ ਔਖਾ ਹੋ ਗਿਆ ਹੈ।

 

ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਸੰਤੋਖ ਸਿੰਘ ਸੁੱਖ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਭਾਜਪਾ ਆਗੂ ਗਿੱਲ ਨੇ ਖਡੂਰ ਸਾਹਿਬ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਦੀ ਟਿਕਟ 'ਤੇ ਵਿਧਾਨ ਸਭਾ ਚੋਣ ਲੜੀ ਸੀ।  ਸ਼ਿਵ ਸੈਨਾ 'ਚ ਰਹਿਣ ਕਰਕੇ ਹਮਲੇ ਹੋਏ ਸਨ ਤੇ ਸੁਰੱਖਿਆ ਵਜੋਂ ਪੰਜਾਬ ਪੁਲਿਸ ਦੇ 6 ਜਵਾਨ ਮਿਲੇ ਸਨ।   


ਸੰਤੋਖ ਗਿੱਲ ਮੁਤਾਬਕ ਪਹਿਲਾਂ ਉਸ ਕੋਲ 14 ਸੁਰੱਖਿਆ ਮੁਲਾਜਮ ਸਨ ਤੇ ਬਾਅਦ 'ਚ ਸਰਕਾਰ ਨੇ ਸਕਿਓਰਟੀ ਰਿਵਿਊ ਕਰਕੇ 6 ਪੁਲਿਸ ਮੁਲਾਜ਼ਮ ਤੈਨਾਤ ਕੀਤੇ ਸਨ। ਸੰਤੋਖ ਗਿੱਲ ਨੇ ਭਗਵੰਤ ਮਾਨ ਨੂੰ ਆਖਿਆ ਕਿ ਜਿਨਾਂ ਨੂੰ ਖਤਰਾ ਹੈ,ਉਨਾਂ ਦੀ ਸੁਰੱਖਿਆ ਵਾਪਸ ਲੈਣਾ ਗੈਰਵਾਜਿਬ ਹੈ। ਸੁੱਖ ਨੇ 2012 ਦੀਆਂ ਚੋਣਾਂ ਬਿਆਸ ਵਿਧਾਨ ਸਭਾ ਸੀਟ (ਹੁਣ ਇਹ ਸੀਟ ਬੰਦ ਹੋ ਚੁੱਕੀ ਹੈ) ਤੋਂ ਅਤੇ 2019 ਵਿੱਚ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਲੜੀ ਸੀ।

 

ਦੱਸ ਦਈਏ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੱਡਾ ਕਦਮ ਚੁੱਕਦਿਆਂ ਸੂਬੇ ਦੇ ਸਾਬਕਾ ਵਿਧਾਇਕਾਂ, ਮੌਜੂਦਾ ਤੇ ਸਾਬਕਾ ਪੁਲਿਸ ਅਧਿਕਾਰੀਆਂ ਸਣੇ ਕਈ ਵੀਆਈਪੀਜ਼ ਦੀ ਸੁਰੱਖਿਆ ’ਚ ਕਟੌਤੀ ਕਰ ਦਿੱਤੀ ਹੈ। ਸਰਕਾਰ ਨੇ ਕਈ ਅਹਿਮ ਸ਼ਖਸੀਅਤਾਂ ਸਣੇ 424 ਲੋਕਾਂ ਦੀ ਸੁਰੱਖਿਆ ਵਾਪਸ ਲੈ ਲਈ ਹੈ। ਇਨ੍ਹਾਂ ਵਿਚ ਭਾਜਪਾ ਆਗੂ ਫਤਿਹਜੰਗ ਸਿੰਘ ਬਾਜਵਾ ਵੀ ਸ਼ਾਮਲ ਹਨ।

 

ਉਧਰ, ਸੁਰੱਖਿਆ ਵਾਪਸ ਲੈਣ ਉਤੇ ਬਾਜਵਾ ਨੇ ਆਖਿਆ ਹੈ ਕਿ ਉਨ੍ਹਾਂ ਨੂੰ ਹਾਈਕੋਰਟ ਵੱਲੋਂ ਸੁਰੱਖਿਆ ਦਿੱਤੀ ਗਈ ਹੈ, ਜੇਕਰ ਅੱਜ ਸ਼ਾਮ ਤੱਕ ਸੁਰੱਖਿਆ ਵਾਪਸ ਨਾ ਮਿਲੀ ਤਾਂ ਉਹ ਸੋਮਵਾਰ ਨੂੰ ਅਦਾਲਤ ਦਾ ਰੁਖ ਕਰਨਗੇ। ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰ ਨੇ ਦੇਸ਼ ਤੇ ਸੂਬੇ ਲਈ ਅੱਤਵਾਦ ਖਿਲਾਫ ਲੜਦਿਆਂ ਕੁਰਬਾਨੀਆਂ ਦਿੱਤੀਆਂ ਹਨ। ਸਾਡੇ ਪਰਿਵਾਰ ਉਤੇ ਬੰਬ ਧਮਾਕੇ ਹੋਏ ਹਨ। ਮੇਰੀ ਸੁਰੱਖਿਆ ਹਾਈਕੋਰਟ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੇਰੀ ਸੁਰੱਖਿਆ ਪੰਜਾਬ ਸਰਕਾਰ ਦੀ ਜਿ਼ੰਮੇਵਾਰੀ ਹੈ।