Operation Sindoor: ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਕੰਟਰੋਲ ਰੇਖਾ ਅਤੇ ਅੰਤਰਰਾਸ਼ਟਰੀ ਸਰਹੱਦ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਵਿੱਚ 10 ਨਾਗਰਿਕ ਮਾਰੇ ਗਏ ਤੇ 33 ਜ਼ਖਮੀ ਹੋ ਗਏ। ਭਾਰਤੀ ਫੌਜ ਨੇ ਪਾਕਿਸਤਾਨੀ ਫੌਜ ਨੂੰ ਢੁਕਵਾਂ ਜਵਾਬ ਦਿੱਤਾ ਹੈ। ਇਸ ਦੌਰਾਨ ਪਾਕਿਸਤਾਨ ਫੌਜ ਵਿੱਚ ਪੁੰਛ ਦੇ ਪਵਿੱਤਰ ਕੇਂਦਰੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਹਿਬ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਜਿਸ ਤੋਂ ਬਾਅਦ 3 ਗੁਰਸਿੱਖਾਂ ਦੀ ਮੌਤ ਹੋ ਗਈ।

ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਨੇ ਤਸਵੀਰਾਂ ਸਾਂਝੀਆਂ ਕਰਦਿਆਂ ਸੋਸ਼ਲ ਮੀਡੀਆ ਉੱਤੇ ਲਿਖਿਆ, ਪਾਕਿਸਤਾਨੀ ਫੌਜਾਂ ਵੱਲੋਂ ਪੁੰਛ ਦੇ ਪਵਿੱਤਰ ਕੇਂਦਰੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਹਿਬ 'ਤੇ ਕੀਤੇ ਗਏ ਅਣਮਨੁੱਖੀ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ, ਜਿਸ ਵਿੱਚ ਤਿੰਨ ਨਿਰਦੋਸ਼ ਗੁਰਸਿੱਖ, ਜਿਨ੍ਹਾਂ ਵਿੱਚ ਭਾਈ ਅਮਰੀਕ ਸਿੰਘ ਜੀ (ਇੱਕ ਰਾਗੀ ਸਿੰਘ), ਭਾਈ ਅਮਰਜੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਸ਼ਾਮਲ ਸਨ, ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ।

ਸ਼੍ਰੋਮਣੀ ਅਕਾਲੀ ਦਲ ਮ੍ਰਿਤਕ ਗੁਰਸਿੱਖਾਂ ਦੇ ਪਰਿਵਾਰਾਂ ਨਾਲ ਪੂਰੀ ਏਕਤਾ ਦਾ ਪ੍ਰਗਟਾਵਾ ਕਰਦਾ ਹੈ, ਗੁਰੂ ਸਾਹਿਬ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰਾਂ ਤੇ ਸਾਕ ਸਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਅਸੀਂ ਮੰਗ ਕਰਦੇ ਹਾਂ ਕਿ ਸ਼ਹੀਦਾਂ ਨੂੰ ਉਨ੍ਹਾਂ ਦੀ ਕੁਰਬਾਨੀ ਲਈ ਸਨਮਾਨਿਤ ਕੀਤਾ ਜਾਵੇ ਅਤੇ ਪੀੜਤ ਪਰਿਵਾਰਾਂ ਨੂੰ ਉਨ੍ਹਾਂ ਦੇ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੀ ਮੱਦਦ ਲਈ ਢੁਕਵਾਂ ਮੁਆਵਜ਼ਾ ਮਿਲੇ।

ਸਿੱਖ ਹਮੇਸ਼ਾ ਦੇਸ਼ ਦੀ ਰਾਖੀ ਲਈ ਤਲਵਾਰ ਬਣਕੇ ਰਹੇ ਹਨ, ਅਤੇ ਬਣੇ ਰਹਿਣਗੇ। ਅਸੀਂ ਆਪਣੀਆਂ ਹਥਿਆਰਬੰਦ ਫੌਜਾਂ ਨਾਲ ਚੱਟਾਨ ਵਾਂਗ ਖੜ੍ਹੇ ਹਾਂ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਅਤੇ ਸਾਡਾ ਦੇਸ਼ ਸ਼ਾਂਤੀ ਵਿੱਚ ਵਿਸ਼ਵਾਸ਼ ਰੱਖਦੇ ਹਨ, ਜੇਕਰ ਸਾਡੇ ਸਨਮਾਨ ਨੂੰ ਦੁਸ਼ਮਣ ਦੁਆਰਾ ਚੁਣੌਤੀ ਦਿੱਤੀ ਜਾਂਦੀ ਹੈ, ਤਾਂ ਅਸੀਂ ਆਪਣੇ ਦੇਸ਼ ਭਗਤੀ ਦੇ ਫਰਜ਼ਾਂ ਨੂੰ ਪੂਰਾ ਕਰਨ ਲਈ ਹਰ ਹੀਲਾ ਵਰਤਾਂਗੇ।