ਅੰਮ੍ਰਿਤਸਰ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਜ਼ਹਿਰੀਲੀ ਸ਼ਰਾਬ ਨਾਲ ਮਰੇ ਲੋਕਾਂ ਦੇ ਪਰਿਵਾਰਾਂ ਨੂੰ ਮਿਲਣ ਪਿੰਡ ਮੁੱਛਲ ਪੁੱਜੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪਿਛਲੇ 15 ਸਾਲਾਂ ਤੋਂ ਨਾਜਾਇਜ਼ ਸ਼ਰਾਬ ਵਿਕ ਰਹੀ ਹੈ। ਪੁਲਿਸ ਨੇ ਅੱਜ ਤੱਕ ਕਿਸੇ ਵੱਡੇ ਸਮੱਗਲਰ ਨੂੰ ਹੱਥ ਨਹੀਂ ਪਾਇਆ।

ਕੈਪਟਨ ਅਮਰਿਦੰਰ ਸਿੰਘ ਨੂੰ ਘੇਰਦਿਆਂ ਦੂਲੋ ਨੇ ਕਿਹਾ ਕਿ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿੱਚ ਪੰਜ ਨਾਜ਼ਾਇਜ ਡਿਸਟਲਰੀਆਂ ਫੜੀਆਂ ਗਈਆਂ ਹਨ। ਇਹ ਨਸ਼ਾ ਤਸਕਰਾਂ ਨੂੰ ਸ਼ਹਿ ਨਹੀਂ ਤਾਂ ਕੀ ਹੈ। ਉਨ੍ਹਾਂ ਆਪਣੀ ਹੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਹਕੂਮਤ ਕਰਨ ਵਾਲੇ ਹੀ ਸਮੱਗਲਰਾਂ ਨੂੰ ਪਨਾਹ ਦੇ ਰਹੇ ਹਨ। ਦੂਲੋ ਨੇ ਕਿਹਾ ਕਿ ਸ਼ਰਾਬ ਤਸਕਰਾਂ ਨਾਲ ਮਿਲ ਕੇ ਸਰਕਾਰੀ ਪੈਸੇ 'ਤੇ ਡਾਕਾ ਪੈ ਰਿਹਾ ਹੈ। ਸਰਕਾਰ ਨੂੰ 2700 ਕਰੋੜ ਦਾ ਘਾਟਾ ਪਿਆ ਹੈ। ਮਿਲੀਭੁਗਤ ਨਾਲ ਸਮੱਗਲਰਾਂ ਦੀਆਂ ਜੇਬਾਂ ਵਿੱਚ ਕਰੋੜਾ ਰੁਪਏ ਗਏ ਹਨ।

ਕੈਪਟਨ 'ਤੇ ਸਵਾਲ ਉਠਾਉਂਦਿਆਂ ਦੂਲੋ ਨੇ ਕਿਹਾ ਕਿ ਗੁਟਕਾ ਸਾਹਿਬ ਚੁੱਕ ਕੇ ਵੀ ਮੁੱਖ ਮੰਤਰੀ ਨੇ ਧਰਮ ਨਹੀਂ ਨਿਭਾਇਆ। ਉਨ੍ਹਾਂ ਕਿਹਾ ਕਿ ਹੋਰ ਤਾਂ ਹੋਰ ਸੁਨੀਲ ਜਾਖੜ ਨੂੰ ਹਫਤਾ-ਹਫਤਾ ਕੈਪਟਨ ਨਹੀਂ ਮਿਲਦੇ। ਉਨ੍ਹਾਂ ਕਿਹਾ ਕਿ ਜਾਖੜ ਸਾਡੇ ਖਿਲਾਫ ਨਾ ਬੋਲਦਾ ਸਗੋਂ ਮੁੱਖ ਮੰਤਰੀ ਨੂੰ ਪੁੱਛਦਾ। ਜਾਖੜ ਟੈਂਪਰੇਰੀ ਪ੍ਰਧਾਨ ਹੈ ਤੇ ਸਮੱਗਲਰਾਂ ਨਾਲ ਮਿਲਿਆ ਹੋਇਆ ਹੈ।

ਦੂਲੋ ਨੇ ਕਿਹਾ ਕਿ ਮੈਂ ਪ੍ਰਧਾਨ ਹੁੰਦਾ ਸੀ ਤਾਂ ਕੋਈ ਗਲਤ ਕੰਮ ਨਹੀਂ ਹੋਣ ਦਿੰਦਾ ਸੀ। ਕੈਪਟਨ ਨੂੰ ਵੀ ਗਲਤ ਕੰਮ ਕਰਨ 'ਤੇ ਟੋਕਦਾ ਸੀ ਪਰ ਹੁਣ ਸ਼ਰੇਆਮ ਮਾਫੀਆ ਪਲ ਰਿਹਾ ਹੈ। ਸਮੱਗਲਰਾਂ ਨੂੰ ਖੁਸ਼ ਕਰਨ ਲਈ ਪ੍ਰਤਾਪ ਬਾਜਵਾ ਦੀ ਸੁਰੱਖਿਆ ਵਾਪਸ ਲਈ ਗਈ ਹੈ।