ਚੰਡੀਗੜ੍ਹ: ਰਾਜ ਸਭਾ ਦੇ ਸੰਸਦ ਮੈਂਬਰ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਨੇ ਆਪਣੀ ਹੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਦੂਲੋ ਨੇ ਕਾਂਗਰਸ ਖਿਲਾਫ ਬਿਆਨਬਾਜ਼ੀ ਕਰਦੇ ਹੋਏ ਕਿਹਾ ਕਿ ਪੰਜਾਬ ਕਾਂਗਰਸ 'ਚ ਲੜਾਈ ਸਿਰਫ ਕੁਰਸੀ ਦੀ ਹੀ ਹੈ। ਕੋਈ ਵੀ ਕੁਰਸੀ ਨੂੰ ਛੱਡਣਾ ਨਹੀਂ ਚਾਹੁੰਦਾ। ਦੂਲੋ ਨੇ ਕਿਹਾ, "ਅੱਜ ਜੋ ਵੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਉਹ ਸਿਰਫ ਕੁਰਸੀ ਲਈ ਕੀਤੀ ਜਾ ਰਹੀ ਹੈ।
ਪੰਜਾਬ ਦੀ ਵਿੱਤੀ ਹਾਲਤ ਠੀਕ ਨਾ ਹੋਣ ਕਾਰਨ ਜੋ ਵੱਡੇ ਐਲਾਨ ਕੀਤੇ ਜਾ ਰਹੇ ਹਨ, ਉਹ ਸੰਭਵ ਨਹੀਂ ਹਨ। ਪਹਿਲਾਂ ਪੰਜਾਬ ਦੇ ਵਿੱਤੀ ਹਾਲਾਤ ਨੂੰ ਦੇਖੀਏ, ਫਿਰ ਹੀ ਕੋਈ ਐਲਾਨ ਕੀਤਾ ਜਾਵੇ।" ਉਨ੍ਹਾਂ ਕਿਹਾ ਕਿ, "ਇਹ ਵਾਅਦੇ ਪੂਰੇ ਕਰਨੇ ਔਖੇ ਹਨ। ਮੈਂ ਆਪਣੀਆਂ ਸਾਰੀਆਂ ਗੱਲਾਂ ਹਾਈਕਮਾਂਡ ਤੱਕ ਪਹੁੰਚਾ ਦਿੰਦਾ ਹਾਂ, ਹੁਣ ਹਾਈਕਮਾਂਡ ਨੇ ਦੇਖਣਾ ਹੈ ਕਿ ਉਨ੍ਹਾਂ ਗੱਲਾਂ 'ਤੇ ਵਿਸ਼ਵਾਸ ਕਰਨਾ ਹੈ ਜਾਂ ਨਹੀਂ। ਜੇਕਰ ਹਾਈਕਮਾਂਡ ਉਨ੍ਹਾਂ ਗੱਲਾਂ ਨੂੰ ਮੰਨ ਲਵੇ ਤਾਂ ਠੀਕ ਹੈ, ਨਹੀਂ ਤਾਂ ਕਾਂਗਰਸ ਨੂੰ ਨੁਕਸਾਨ ਹੋਵੇਗਾ।"
ਪੰਜਾਬ ਮਾਫੀਆ ਬਾਰੇ ਬੋਲਦੇ ਦੂਲੋ ਨੇ ਕਿਹਾ, "ਪੰਜਾਬ ਵਿੱਚ ਪਹਿਲਾਂ ਵੀ ਮਾਫੀਆ ਚੱਲ ਰਿਹਾ ਸੀ ਤੇ ਅੱਜ ਵੀ ਪੰਜਾਬ ਵਿੱਚ ਮਾਫੀਆ ਚੱਲ ਰਿਹਾ ਹੈ। ਜੇਕਰ ਅਸੀਂ ਮਾਫੀਆ ਨੂੰ ਨਾ ਰੋਕਿਆ ਤਾਂ ਸਾਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਨਕਲੀ ਸ਼ਰਾਬ ਬਣਾਉਣ ਵਾਲਿਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਵਜ਼ੀਫ਼ਾ ਘੁਟਾਲੇ ਲਈ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।"
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ 'ਤੇ ਹਮਲਾ ਬੋਲਦਿਆਂ ਦੂਲੋ ਨੇ ਕਿਹਾ, "ਕੈਪਟਨ ਅਮਰਿੰਦਰ ਸਿੰਘ ਦੀ ਥਾਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਪਰ ਚੰਨੀ ਨੇ ਵੀ ਆਪਣੇ ਸਮਾਜ ਲਈ ਕੁਝ ਨਹੀਂ ਕੀਤਾ। ਚੰਨੀ ਨੇ ਕੰਮ ਕਰਨਾ ਹੈ ਤਾਂ ਸਕਾਲਰਸ਼ਿਪ ਘੁਟਾਲੇ 'ਤੇ ਜਾਂਚ ਦਾ ਕੰਮ ਕਰਨ। ਜੇਕਰ ਕਾਂਗਰਸ 2022 ਵਿੱਚ ਇਨ੍ਹਾਂ ਦਾਗੀ ਲੋਕਾਂ ਨੂੰ ਟਿਕਟ ਦਿੰਦੀ ਹੈ ਤਾਂ ਅਸੀਂ ਚੋਣ ਨਹੀਂ ਲੜਾਂਗੇ। ਜੇਕਰ ਅਜਿਹਾ ਹੋਇਆ ਤਾਂ ਮੈਂ ਕਾਂਗਰਸ ਲਈ ਪ੍ਰਚਾਰ ਵੀ ਨਹੀਂ ਕਰਾਂਗਾ।"
ਨਵਜੋਤ ਸਿੱਧੂ ਬਾਰੇ ਬੋਲਦੇ ਦੂਲੋ ਨੇ ਕਿਹਾ, "ਨਵਜੋਤ ਸਿੰਘ ਸਿੱਧੂ ਇੱਕ ਚੰਗੇ ਇਨਸਾਨ ਹਨ, ਸਾਡੀ ਸਰਕਾਰ ਨੂੰ ਉਨ੍ਹਾਂ ਦੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਹ ਸਾਡੀ ਕਾਂਗਰਸ ਦੇ ਪ੍ਰਧਾਨ ਹਨ, ਉਹ ਜੋ ਕਹਿੰਦੇ ਹਨ, ਠੀਕ ਕਹਿੰਦੇ ਹਨ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :