ਸੰਗਰੂਰ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਚੀਮਾ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਐਮ.ਐਲ.ਏਜ਼ ਦੀਆਂ ਟਿੱਕਟਾਂ ਰੇਤ, ਸ਼ਰਾਬ, ਟਰਾਂਸਪੋਰਟ ਅਤੇ ਡਰੱਗ ਮਾਫੀਆ ਦੇ ਆਗੂਆਂ ਨੂੰ ਵੇਚੀਆਂ ਹਨ ਤਾਂ ਜੋ ਉਹ ਵਿਧਾਇਕ ਬਣ ਕੇ ਆਪਣੇ ਮਾਫੀਆ ਰਾਜ ਨੂੰ ਹੋਰ ਮਜ਼ਬੂਤ ਕਰਨ ਸਕਣ। ਚੀਮਾ ਨੇ ਪੰਜਾਬ ਵਾਸੀਆਂ ਨੂੰ ਵਿਸ਼ਵਾਸ ਦਵਾਇਆ ਕਿ ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮਾਫੀਆ ਰਾਜ ਖ਼ਤਮ ਕੀਤਾ ਜਾਵੇਗਾ। ਪੰਜਾਬ ਦੇ ਲੁਟੇ ਹੋਏ ਪੈਸੇ ਦੀ ਮਾਫੀਆ ਦੇ ਸਰਪ੍ਰਸਤਾਂ ਕੋਲੋਂ ਵਸੂਲੀ ਕੀਤੀ ਜਾਵੇਗੀ ਅਤੇ ਲੋਕਾਂ ਦਾ ਪੈਸਾ ਲੋਕਾਂ ਨੂੰ ਦਿੱਤਾ ਜਾਵੇਗਾ।
ਸ਼ੁੱਕਰਵਾਰ ਨੂੰ ਸੰਗਰੂਰ ਵਿਖੇ ਪਾਰਟੀ ਦਫ਼ਤਰ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ, '' ਕਾਂਗਰਸ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁਲੋਂ ਨੇ ਕਾਂਗਰਸ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਮਾਫੀਆ ਰਾਜ ਚਲਾਉਣ ਵਾਲੇ ਲੋਕਾਂ ਨੂੰ ਟਿੱਕਟਾਂ ਵੇਚਣ ਦੇ ਗੰਭੀਰ ਦੋਸ਼ ਲਾਏ ਹਨ। ਸ਼ਮਸ਼ੇਰ ਸਿੰਘ ਦੁਲੋਂ ਨੇ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਅਤੇ ਮੁੱਖ ਮੰਤਰੀ ਚੰਨੀ 'ਤੇ ਲਾਏ ਜਾਂਦੇ ਦੋਸ਼ਾਂ ਦੀ ਪੁਸ਼ਟੀ ਕੀਤੀ ਹੈ ਕਿ ਕਾਂਗਰਸ ਸਰਕਾਰ ਰੇਤ, ਸ਼ਰਾਬ, ਟਰਾਂਸਪੋਰਟ ਅਤੇ ਡਰੱਗ ਮਾਫੀਆ ਨਾਲ ਮਿਲੀ ਹੋਈ ਹੈ।
ਚੀਮਾ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਅਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਰੇਤ ਮਾਫੀਆ, ਸ਼ਰਾਬ ਮਾਫੀਆ, ਟਰਾਂਸਪੋਰਟ ਮਾਫੀਆਂ, ਕੇਬਲ ਮਾਫੀਆ ਅਤੇ ਡਰੱਗ ਮਾਫੀਆ ਕਾਇਮ ਕੀਤਾ ਗਿਆ ਸੀ। ਭਾਂਵੇਂ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਤਰਾਂ ਦੇ ਮਾਫੀਆ ਨੂੰ ਖ਼ਤਮ ਕਰਨ ਦਾ ਵਾਅਦਾ ਪੰਜਾਬ ਦੇ ਲੋਕਾਂ ਨਾਲ ਕੀਤਾ ਸੀ, ਪਰ ਕਾਂਗਰਸ ਸਰਕਾਰ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਨੇ ਮਾਫੀਆ ਰਾਜ ਨੂੰ ਅੱਗੇ ਚਲਾਇਆ ਹੈ, ਨਾ ਕਿ ਖ਼ਤਮ ਕੀਤਾ।
'ਆਪ' ਆਗੂ ਨੇ ਦੱਸਿਆ ਕਿ ਪਾਰਟੀ ਦੇ ਸੀਨੀਅਰ ਆਗੂ ਰਾਘਵ ਚੱਢਾ ਨੇ ਮੀਡੀਆ ਨੂੰ ਨਾਲ ਲੈ ਕੇ ਮੁੱਖ ਮੰਤਰੀ ਚੰਨੀ ਦੇ ਵਿਧਾਨ ਸਭਾ ਹਲਕੇ ਸ੍ਰੀ ਚਮਕੌਰ ਸਾਹਿਬ ਵਿੱਚ ਚੱਲਦੀ ਗੈਰ ਕਾਨੂੰਨੀ ਰੇਤ ਦੀ ਖੱਡ 'ਤੇ ਛਾਪਾ ਮਾਰਿਆ ਸੀ ਅਤੇ ਦੋਸ਼ ਲਾਏ ਸਨ ਕਿ ਇਹ ਸਭ ਕੁੱਝ ਮੁੱਖ ਮੰਤਰੀ ਦੀ ਨਿਗਰਾਨੀ ਵਿੱਚ ਹੋ ਰਿਹਾ ਹੈ। ਹੁਣ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਚੰਨੀ ਦੇ ਭਤੀਜੇ ਦੇ ਘਰ ਛਾਪੇ ਮਾਰ ਕੇ ਕਰੋੜਾਂ ਰੁਪਏ ਬਰਾਮਦ ਕੀਤੇ ਹਨ ਤਾਂ ਸਿੱਧ ਹੋ ਗਿਆ ਕਿ ਰੇਤ ਮਾਫੀਆ ਚੰਨੀ ਦੀ ਅਗਵਾਈ ਵਿੱਚ ਪਹਿਲਾਂ ਦੀ ਤਰਾਂ ਹੀ ਚੱਲ ਰਿਹਾ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅੱਜ ਕਾਂਗਰਸ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕੀ ਹੈ। ਕਾਂਗਰਸ ਅਤੇ ਭ੍ਰਿਸ਼ਟਾਚਾਰ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਭ੍ਰਿਸ਼ਟਾਚਾਰ ਕਰਕੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਤੇ ਹੁਣ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਨੂੰ ਦੋਵੇਂ ਹੱਥਾਂ ਨਾਲ ਲੁੱਟਿਆ ਹੈ। ਕਾਂਗਰਸ ਵੱਲੋਂ ਭ੍ਰਿਸ਼ਟਾਚਾਰੀਆਂ ਅਤੇ ਮਾਫੀਆ ਰਾਜ ਦੇ ਸਰਪ੍ਰਸਤਾਂ ਨੂੰ ਟਿੱਕਟਾਂ ਦੇਣ ਕਾਰਨ ਬਹੁਤ ਸਾਰੇ ਸੀਨੀਅਰ ਆਗੂ ਕਾਂਗਰਸ ਪਾਰਟੀ ਨੂੰ ਛੱਡ ਚੁੱਕੇ ਹਨ ਅਤੇ ਕਈ ਛੱਡਣ ਵਾਲੇ ਹਨ। ਚੀਮਾ ਨੇ ਕਿਹਾ ਕਿ ਪੰਜਾਬ ਨੂੰ ਰੇਤ, ਸ਼ਰਾਬ, ਟਰਾਂਸਪੋਰਟ, ਕੇਬਲ ਅਤੇ ਡਰੱਗ ਮਾਫੀਆ ਤੋਂ ਮੁੱਕਤ ਕਰਾਉਣ ਲਈ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਜ਼ਰੂਰ ਦੇਵੋ ਤਾਂ ਜੋ ਲੋਕਾਂ ਦਾ ਪੈਸਾ ਲੋਕਾਂ ਤੱਕ ਸਹੂਲਤਾਂ ਦੇ ਰੂਪ ਪਹੁੰਚਾਇਆ ਜਾਵੇ।