ਰੌਬਟ ਦੀ ਰਿਪੋਰਟ
ਚੰਡੀਗੜ੍ਹ: 1993 'ਚ ਸ਼ੌਰਯਾ ਚੱਕਰ ਜਿੱਤਣ ਵਾਲੇ ਬਲਵਿੰਦਰ ਸਿੰਘ ਭਿਖੀਵਿੰਡ ਦਾ ਅੱਜ ਉਨ੍ਹਾਂ ਦੇ ਭਿਖੀਵਿੰਡ ਰਹਾਇਸ਼ ਤੇ ਕਤਲ ਕਰ ਦਿੱਤਾ ਗਿਆ। ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਨ੍ਹਾਂ ਨੂੰ ਗੋਲੀਆਂ ਮਾਰ ਕਤਲ ਕਰ ਦਿੱਤਾ। ਕਾਮਰੇਡ ਬਲਵਿੰਦਰ ਸਿੰਘ, ਨੂੰ ਪੰਜਾਬ ਵਿੱਚ ਅੱਤਵਾਦ ਵਿਰੁੱਧ ਲੜਾਈ ਲੜਨ ਲਈ ਸ਼ੌਰਯਾ ਚੱਕਰ ਨਾਲ ਨਿਵਾਜਿਆ ਗਿਆ ਸੀ। ਉਨ੍ਹਾਂ 1980 ਤੇ 90 ਦੇ ਦਹਾਕੇ 'ਚ ਦਹਿਸ਼ਤਗਰਦਾਂ ਨਾਲ ਕਈ ਵਾਰ ਲੋਹਾ ਲਿਆ ਸੀ। 1993 ਤੱਕ ਬਲਵਿੰਦਰ ਸਿੰਘ ਤੇ ਪਰਿਵਾਰ 'ਤੇ 11 ਮਹੀਨਿਆਂ 'ਚ 16 ਅਟੈਕ ਹੋਏ ਸੀ। ਬਲਵਿੰਦਰ ਸਿੰਘ ਦਾ ਪਰਿਵਾਰ ਅੱਤਵਾਦੀਆਂ ਦੀ ਹਿੱਟ ਲਿਸਟ 'ਚ ਸੀ।
ਬਲਵਿੰਦਰ ਤੋਂ ਪ੍ਰਭਾਵਿਤ ਹੋ ਕਈਆਂ ਨੇ ਹਥਿਆਰ ਚੁੱਕੇ ਤੇ ਅੱਤਵਾਦ ਖਿਲਾਫ ਲੜਾਈ ਲੜੀ ਸੀ। 1993 'ਚ ਰੱਖਿਆ ਮੰਤਰਾਲੇ ਨੇ ਬਲਵਿੰਦਰ ਨੂੰ ਸ਼ੌਰਯਾ ਚੱਕਰ ਸਨਮਾਨ ਦਿੱਤਾ ਸੀ। 31 ਜਨਵਰੀ 1990 'ਚ ਬਲਵਿੰਦਰ 'ਤੇ ਪਹਿਲਾ ਹਮਲਾ ਹੋਇਆ ਸੀ। 28 ਦਸੰਬਰ 1991 'ਚ ਬਲਵਿੰਦਰ 'ਤੇ ਆਖਰੀ ਹਮਲਾ ਹੋਇਆ। ਸਭ ਤੋਂ ਖਤਰਨਾਕ ਹਮਲਾ ਸਤੰਬਰ 1990 'ਚ ਹੋਇਆ ਸੀ ਜਦੋਂ 200 ਅੱਤਵਾਦੀਆਂ ਨੇ ਬਲਵਿੰਦਰ ਦੇ ਘਰ ਨੂੰ ਘੇਰਾ ਪਾਇਆ ਤੇ 5 ਘੰਟੇ ਗੋਲੀਬਾਰੀ ਕੀਤੀ।
ਹਮਲਾਵਰ ਪੂਰੀ ਤਿਆਰੀ ਨਾਲ ਹਮਲਾ ਕਰਨ ਆਏ ਸੀ ਉਨ੍ਹਾਂ ਰੌਕਿਟ ਲੌਂਚਰ ਦਾ ਇਸਤੇਮਾਲ ਵੀ ਕੀਤਾ ਸੀ। ਉਨ੍ਹਾਂ ਬਲਵਿੰਦਰ ਦੇ ਘਰ ਨੂੰ ਜਾਂਦਾ ਹਰ ਰਸਤਾ ਬਲੌਕ ਕਰ ਦਿੱਤਾ ਸੀ ਤਾਂ ਕਿ ਪੁਲਿਸ ਨਾ ਪਹੁੰਚ ਸਕੇ। ਬਲਵਿੰਦਰ ਤੇ ਪਰਿਵਾਰ ਨੇ ਪਿਸਟਲ ਤੇ ਸਟੇਨ ਗਨ ਨਾਲ ਦਹਿਸ਼ਤਗਰਦਾਂ ਦਾ ਮੁਕਾਬਲਾ ਕੀਤਾ।
ਬਲਵਿੰਦਰ ਤੇ ਭਰਾ ਰਣਜੀਤ ਤੇ ਦੋਵਾਂ ਦੀਆਂ ਪਤਨੀਆਂ ਹਮਲਾਵਰਾਂ ਖਿਲਾਫ ਡਟੇ ਰਹੇ। ਬਲਵਿੰਦਰ ਦੇ ਪਰਿਵਾਰ ਨੂੰ ਸਰਕਾਰ ਨੇ ਹਥਿਆਰ ਮੁਹੱਇਆ ਕਰਵਾਏ ਹੋਏ ਸੀ। ਪੰਜਾਬ ਪੁਲਿਸ ਨੇ ਹਾਲ ਹੀ ਵਿੱਚ ਉਨ੍ਹਾਂ ਦੀ ਸੁਰੱਖਿਆ ਹਟਾ ਦਿੱਤੀ ਸੀ ਤੇ ਸੁਰੱਖਿਆ ਨੂੰ ਬਹਾਲ ਕਰਨ ਲਈ ਡੀਜੀਪੀ ਨੂੰ ਪੱਤਰ ਲਿਖਿਆ ਸੀ ਪਰ ਸੁਰੱਖਿਆ ਪ੍ਰਦਾਨ ਨਹੀਂ ਕੀਤੀ ਗਈ ਤੇ ਅੱਜ ਉਨ੍ਹਾਂ ਦਾ ਕਤਲ ਹੋ ਗਿਆ।
ਜ਼ਿਕਰਯੋਗ ਹੈ ਕਿ ਬਲਵਿੰਦਰ ਸਿੰਘ ਦਾ ਪਰਿਵਾਰ ਘਰ ਵਿੱਚ ਮੋਰਚੇ ਤੇ ਬੰਕਰ ਬਣਾ ਕੇ ਅੱਤਵਾਦੀਆਂ ਦਾ ਸਾਹਮਣਾ ਕਰਦੇ ਸੀ। ਇਨ੍ਹਾਂ 'ਤੇ ਕਈ ਡਾਕੂਮੈਂਟਰੀਆਂ ਵੀ ਬਣ ਚੁੱਕੀਆਂ ਹਨ।