ਫ਼ਿਰੋਜ਼ਪੁਰ: ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਆਪਣੀ ਪਹਿਲੀ ਚੋਣ ਰੈਲੀ ਕੀਤੀ। ਇਸ ਦੌਰਾਨ ਉਨ੍ਹਾਂ ਦੇ ਨਿਸ਼ਾਨੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਬਾਦਲ ਹੀ ਰਹੇ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਦੇ 10 ਸਾਲਾ ਰਾਜ ਕਾਲ ਵਿੱਚ ਸੂਬੇ ਦਾ ਨਹੀਂ ਬਲਕਿ ਅਕਾਲੀਆਂ ਦਾ ਵਿਕਾਸ ਹੋਇਆ ਹੈ। ਦਿਲਚਸਪ ਹੈ ਕਿ ਪਿਛਲੇ 10 ਸਾਲ ਗੁਬਾਇਆ ਵੀ ਅਕਾਲੀ ਹੀ ਸਨ। ਉਹ ਕੁਝ ਦਿਨ ਪਹਿਲਾਂ ਹੀ ਕਾਂਗਰਸ ਵਿੱਚ ਸ਼ਾਮਲ ਹੋਏ ਹਨ।


ਘੁਬਾਇਆ ਨੇ ਆਪਣੇ ਪੁਰਾਣੇ ਪ੍ਰਧਾਨ ਸੁਖਬੀਰ ਬਾਦਲ ਨੂੰ ਹੰਕਾਰੀ ਦੱਸਦਿਆਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਹਰਾ ਕੇ ਉਨ੍ਹਾਂ ਦਾ ਹੰਕਾਰ ਤੋੜਿਆ ਜਾਵੇ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਪੈਸੇ ਲਈ ਰਾਜਨੀਤੀ ਕਰਦਾ ਹੈ ਤੇ ਲੋਕਾਂ ਨੂੰ ਇਹ ਕਹਿ ਕੇ ਗੁੰਮਰਾਹ ਕੀਤਾ ਜਾਂਦਾ ਹੈ ਕਿ ਉਹ ਸਿਆਸਤ ਸੇਵਾ ਲਈ ਕਰਦੇ ਹਨ।

ਸ਼੍ਰੋਮਣੀ ਅਕਾਲੀ ਦਲ ਦੇ 'ਰਾਜ ਨਹੀਂ ਸੇਵਾ' ਦੇ ਨਾਅਰੇ 'ਤੇ ਬੋਲਦਿਆਂ ਘੁਬਾਇਆ ਨੇ ਕਿਹਾ ਕਿ 10 ਸਾਲਾਂ ਦੌਰਾਨ ਬਾਦਲ ਸਮੇਤ ਵੱਡੇ ਆਗੂਆਂ ਦੀ ਜਾਇਦਾਦ ਵਿੱਚ ਭਾਰੀ ਵਾਧਾ ਹੋਇਆ ਹੈ। ਉਨ੍ਹਾਂ ਨੇ ਪੰਜਾਬੀਆਂ ਦੀ ਨਹੀਂ ਬਲਕਿ ਆਪਣੀ ਹੀ ਸੇਵਾ ਕੀਤੀ ਹੈ। ਯਾਦ ਰਹੇ ਇਸ ਵਾਰ ਫਿਰੋਜ਼ਪੁਰ ਹਲਕੇ ਤੋਂ ਗੁਬਾਇਆ ਤੇ ਸੁਖਬੀਰ ਬਾਦਲ ਦੀ ਟੱਕਰ ਹੈ।