ਚੰਡੀਗੜ੍ਹ: ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਨਤੀਜਿਆਂ ’ਚ ਸ਼੍ਰੋਮਣੀ ਅਕਾਲੀ ਦਲ (ਬ) ਪੰਜਵੇਂ ਸਥਾਨ ’ਤੇ ਖਿਸਕ ਗਿਆ ਹੈ। ਪੰਥਕ ਕਹਾਉਣ ਵਾਲੀ ਪਾਰਟੀ ਦਾ ਉਮੀਦਵਾਰ ਆਪਣੀ ਜ਼ਮਾਨਤ ਵੀ ਨਹੀਂ ਬਚਾਅ ਸਕਿਆ। ਹੁਣ ਸਵਾਲ ਉੱਠ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ (ਬ) ਦਾ ਕੋਈ ਹੋਰ ਪੰਥਕ ਪਾਰਟੀ ਬਦਲ ਬਣ ਕੇ ਉੱਭਰੇਗੀ। ਦੂਜੇ ਪਾਸੇ ਚੋਣ ਨਤੀਜੇ ’ਚ ਪਾਰਟੀ ਦੀ ਕਾਰਗੁਜ਼ਾਰੀ ’ਤੇ ਪਾਰਟੀ ਦੇ ਅੰਦਰੋਂ ਵੀ ਸਵਾਲ ਖੜ੍ਹੇ ਹੋਣ ਲੱਗੇ ਹਨ।
ਸ਼੍ਰੋਮਣੀ ਅਕਾਲੀ ਦਲ ਲਈ ਇਹ ਚੋਣ ਨਤੀਜੇ ਵੱਡਾ ਝਟਕਾ ਇਸ ਲਈ ਵੀ ਹਨ ਕਿਉਂਕਿ ਉਸ ਦੀ ਪੁਰਾਣੀ ਭਾਈਵਾਲ ਭਾਰਤੀ ਜਨਤਾ ਪਾਰਟੀ ਨੂੰ ਇਸ ਚੋਣ ’ਚ ਉਸ ਨਾਲੋਂ ਵੱਧ ਵੋਟਾਂ ਮਿਲੀਆਂ ਹਨ ਤੇ ਉਹ ਚੌਥੇ ਸਥਾਨ ’ਤੇ ਰਹੀ ਹੈ। ਸ਼੍ਰੋਮਣੀ ਅਕਾਲੀ 2009 ਤੋਂ ਬਾਅਦ ਇਹ ਸੀਟ ਨਹੀਂ ਜਿੱਤ ਸਕਿਆ ਪਰ ਉਸ ਨੇ ਹਰ ਚੋਣ ਵਿੱਚ ਸਖਤ ਟੱਕਰ ਜ਼ਰੂਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਜਿੱਥੇ 6.2 ਫੀਸਦ ਵੋਟਾਂ ਮਿਲੀਆਂ ਉੱਥੇ ਹੀ ਭਾਜਪਾ ਨੂੰ 9.33 ਫੀਸਦ ਵੋਟਾਂ ਪੋਲ ਹੋਈਆਂ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਨੂੰ ਸਾਬਕਾ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਇਸ ਹਲਕੇ ਵਿਚਲੇ ਪ੍ਰਭਾਵ ਦਾ ਲਾਹਾ ਮਿਲਿਆ ਹੈ।
ਇਸ ਸੀਟ ’ਤੇ 18 ਵਾਰ ਹੋਈਆਂ ਚੋਣਾਂ ’ਚੋਂ ਸ਼੍ਰੋਮਣੀ ਅਕਾਲੀ ਦਲ ਨੇ ਛੇ ਵਾਰ ਜਿੱਤ ਦਰਜ ਕੀਤੀ ਹੈ। ਪਾਰਟੀ ਨੇ ਆਖਰੀ ਵਾਰ 2004 ਦੀਆਂ ਚੋਣਾਂ ’ਚ ਇਹ ਸੀਟ ਜਿੱਤੀ ਸੀ ਜਦੋਂ ਸੁਖਦੇਵ ਸਿੰਘ ਢੀਂਡਸਾ ਪਾਰਟੀ ਵੱਲੋਂ ਉਮੀਦਵਾਰ ਸਨ। ਇਸ ਤੋਂ ਬਾਅਦ ਪਾਰਟੀ ਦਾ ਨਿਘਾਰ ਸ਼ੁਰੂ ਹੋ ਗਿਆ। ਸਾਲ 2009 ਦੀ ਚੋਣ ਵਿੱਚ ਸੁਖਦੇਵ ਢੀਂਡਸਾ 34.13 ਫੀਸਦ ਵੋਟਾਂ ਹਾਸਲ ਕਰਕੇ ਦੂਜੇ ਸਥਾਨ ’ਤੇ ਰਹੇ ਸਨ।
2014 ’ਚ ਸੁਖਦੇਵ ਸਿੰਘ ਢੀਂਡਸਾ ਨੂੰ 29.23 ਫੀਸਦ ਵੋਟਾਂ ਮਿਲੀਆਂ ਤੇ ਦੂਜੇ ਸਥਾਨ ’ਤੇ ਰਹੇ। 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਸ੍ਰੀ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੇ ਇਸ ਸੀਟ ਤੋਂ ਚੋਣ ਲੜੀ ਤੇ 23.88 ਫੀਸਦ ਵੋਟਾਂ ਹਾਸਲ ਕੀਤੀਆਂ। ਜੁਲਾਈ 2020 ਵਿੱਚ ਢੀਂਡਸਾ ਪਰਿਵਾਰ ਨੇ ਲੀਡਰਸ਼ਿਪ ਤੇ ਸਿਆਸਤ ਦੇ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਤੋੜ-ਵਿਛੋੜਾ ਕਰ ਲਿਆ।