Attack on Sukhbir Badal: ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸੁਖਬੀਰ ਬਾਦਲ ’ਤੇ ਹੋਏ ਹਮਲੇ ਨੂੰ ਵੱਡੀ ਸਾਜਿਸ਼ ਕਰਾਰ ਦਿੱਤਾ ਹੈ। ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਹਾਈਕੋਰਟ ਦੀ ਨਿਗਰਾਨੀ ਹੇਠ ਨਿਰਪੱਖ ਜਾਂਚ ਕਰਵਾਈ ਜਾਏ। ਅਕਾਲੀ ਦਲ ਨੇ ਇਸ ਹਮਲੇ ਪਿੱਛੇ ਸਰਕਾਰ ਦੀ ਭੂਮਿਕਾ ਹੋਣ ਦੀ ਸ਼ੰਕਾ ਜਤਾਈ ਹੈ। ਅਕਾਲੀ ਦਲ ਵੱਲੋਂ ਉਠਾਏ ਗਏ ਸ਼ੰਕਿਆਂ ਮਗਰੋਂ ਇਹ ਮਾਮਲਾ ਹੋਰ ਪੇਚੀਦਾ ਹੋ ਗਿਆ ਹੈ ਕਿਉਂਕਿ ਕਰਈ ਧਿਰਾਂ ਵੱਲੋਂ ਇਸ ਨੂੰ ਪਹਿਲਾਂ ਹੀ ਸ਼ੱਕ ਦੀ ਨਿਗ੍ਹਾ ਨਾਲ ਵੇਖਿਆ ਜਾ ਰਿਹਾ ਸੀ।


ਦਰਅਸਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ’ਤੇ ਹੋਏ ਕਾਤਲਾਨਾ ਹਮਲੇ ਦੀ ਸਾਜ਼ਿਸ਼ ’ਤੇ ਪਰਦਾ ਪਾਉਣ ਲਈ ਝੂਠੀ ਐਫਆਈਆਰ ਦਰਜ ਕਰਕੇ ਕਵਰ ਅਪ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਐਫਆਈਆਰ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅਤਿਵਾਦੀ ਨੂੰ ਸੰਗਤ ਦਾ ਮੈਂਬਰ ਦੱਸਿਆ ਗਿਆ ਹੈ ਤੇ ਚਲਾਈ ਗਈ ਗੋਲੀ ਨੂੰ ਹਵਾਈ ਫਾਇਰ ਦਾ ਨਾਂ ਦਿੱਤਾ ਗਿਆ ਹੈ।


ਡਾ.ਚੀਮਾ ਨੇ ਐਫਆਈਆਰ ਨੂੰ ਰੱਦ ਕਰਦਿਆਂ ਇਸ ਨੂੰ ਇੱਕ ਚਾਲਾਕੀ ਭਰੀ ਮੁਹਿੰਮ ਕਰਾਰ ਦਿੱਤਾ ਜਿਸ ਦਾ ਮਕਸਦ ਹਮਲਾਵਰ ਦੀ ਪੁਸ਼ਤਪਨਾਹੀ ਕਰਨ ਵਾਲੇ ਪੰਜਾਬ ਪੁਲਿਸ ਅਫਸਰਾਂ ਦੀ ਭੂਮਿਕਾ ’ਤੇ ਪਰਦਾ ਪਾਉਣਾ ਹੈ। ਇਸ ਨਾਲ ਹੁਣ ਸਪਸ਼ਟ ਹੋ ਗਿਆ ਹੈ ਕਿ ‘ਆਪ’ ਸਰਕਾਰ ਸੰਜਮੀ ਸਿੱਖ ਲੀਡਰਸ਼ਿਪ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਤਾਂ ਪੂਰਾ ਜ਼ੋਰ ਲਾ ਦਿੱਤਾ ਹੈ ਕਿ ਸੁਖਬੀਰ ਬਾਦਲ ਨੂੰ ਖ਼ਤਮ ਕਰਨ ਦੀ ਇਸ ਡੂੰਘੀ ਸਾਜ਼ਿਸ਼ ਦਾ ਸੱਚ ਕਦੇ ਬਾਹਰ ਹੀ ਨਾ ਆ ਸਕੇ।


ਇਸ ਕਾਤਲਾਨਾ ਹਮਲੇ ਦੀ ਹਾਈਕੋਰਟ ਦੀ ਨਿਗਰਾਨੀ ਹੇਠ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਡਾ.ਚੀਮਾ ਨੇ ਕਿਹਾ ਕਿ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਵੱਲੋਂ ਨਿਰੰਤਰ ਕੀਤੀਆਂ ਪ੍ਰੈੱਸ ਕਾਨਫਰੰਸਾਂ ਵਿੱਚ ਪ੍ਰਗਟਾਇਆ ਤੌਖਲਾ ਸੱਚਾ ਸਾਬਤ ਹੋਇਆ ਹੈ। ਮਜੀਠੀਆ ਨੇ ਦੱਸਿਆ ਸੀ ਕਿ ਕਿਵੇਂ ਐਸਪੀ ਹਰਪਾਲ ਸਿੰਘ ਰੰਧਾਵਾ ਨੇ ਹਮਲਾਵਰ ਨਾਲ ਮੁਲਾਕਾਤ ਤੇ ਗੱਲਬਾਤ ਕੀਤੀ ਤੇ 3 ਦਸੰਬਰ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਉਸ ਨਾਲ ਵਿਚਾਰ ਚਰਚਾ ਵੀ ਕੀਤੀ। 


ਉਨ੍ਹਾਂ ਨੇ ਕਿਹਾ ਕਿ ਸੀਸੀਟੀਵੀ ਕੈਮਰਾ ਫੁਟੇਜ ਰਾਹੀਂ ਇਹ ਵੀ ਸਪੱਸ਼ਟ ਹੋ ਗਿਆ ਸੀ ਕਿ ਹਮਲਾਵਰ ਨਰਾਇਣ ਸਿੰਘ ਚੌੜਾ ਨੇ 9 ਐਮਐਮਪੀ ਸੈਮੀ ਆਟੋਮੈਟਿਕ ਪਿਸਟਲ ਨਾਲ ਸੁਖਬੀਰ ਬਾਦਲ ’ਤੇ ਹਮਲਾ ਕਰਨ ਤੋਂ ਪਹਿਲਾਂ ਤਿੰਨ ਦਿਨ ਤੱਕ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਪੂਰੀ ਰੇਕੀ ਕੀਤੀ। ਉਨ੍ਹਾਂ ਕਿਹਾ ਕਿ ਇਸ ਹਮਲੇ ਨੂੰ ਸੰਗਤ ਦੇ ਇੱਕ ਮੈਂਬਰ ਵੱਲੋਂ ਅਚਨਚੇਤ ਕੀਤਾ ਗਿਆ ਹਮਲਾ ਦੱਸਣਾ ਨਿਆਂ ਦਾ ਮਾਖੌਲ ਉਡਾਉਣਾ ਹੈ।