ਚੰਡੀਗੜ੍ਹ: ਪਿਛਲੇ ਕਾਫੀ ਸਮੇਂ ਤੋਂ ਸਿਆਸੀ ਹਾਸ਼ੀਏ 'ਤੇ ਚੱਲ ਰਹੇ ਸ਼੍ਰੋਮਣੀ ਅਕਾਲੀ ਦਲ ਦੀ ਅਗਨੀ ਪ੍ਰੀਖਿਆ ਅਪਰੈਲ ਵਿੱਚ ਹੋਏਗੀ। ਇਸ ਦੇ ਨਾਲ ਹੀ ਪੰਥਕ ਪਾਰਟੀ ਦਾ ਸਿਆਸੀ ਭਵਿੱਖ ਤੈਅ ਹੋਏਗਾ। ਇਹ ਪ੍ਰੀਖਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਹਨ ਜੋ 25 ਅਪ੍ਰੈਲ 2021 ਨੂੰ ਹੋਣਗੀਆਂ। ਇਸ ਦੇ ਨਤੀਜੇ 28 ਅਪ੍ਰੈਲ ਨੂੰ ਐਲਾਨੇ ਜਾਣਗੇ।


ਇਹ ਵੀ ਪੜ੍ਹੋ: ਸਿੱਖਿਆ ਵਿਭਾਗ ਦਾ ਨਵੇਂ ਵਿੱਦਿਅਕ ਸੈਸ਼ਨ ਬਾਰੇ ਅਹਿਮ ਫੈਸਲਾ

ਦੱਸ ਦਈਏ ਕਿ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਪਰ ਅਕਾਲੀ ਦਲ ਦਾ ਕਬਜ਼ਾ ਹੈ। ਇਸ ਲਈ ਅਧਿਕਾਰਤ ਤੌਰ 'ਤੇ ਸਿੱਖਾਂ ਦੀ ਨੁਮਾਇੰਦਗੀ ਅਕਾਲੀ ਦਲ ਹੀ ਕਰਦਾ ਹੈ। ਪਿਛਲੇ ਸਮੇਂ ਦੌਰਾਨ ਪੈਦਾ ਹੋਏ ਹਾਲਾਤ ਕਰਕੇ ਅਕਾਲੀ ਦਲ ਤੋਂ ਪੰਥਕ ਵੋਟਰ ਕਾਫੀ ਖਫਾ ਹਨ। ਇਸ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਤੈਅ ਕਰੇਗੀ ਕਿ ਅਕਾਲੀ ਦਲ ਦਾ ਸਿਆਸੀ ਭਵਿੱਖ ਕੀ ਹੋਏਗਾ।




ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦਾ ਸਿੱਧੇ ਰੂਪ ਵਿੱਚ ਚਾਹੇ ਪੰਜਾਬ ਦੀ ਸਿਆਸਤ ਨਾਲ ਕੋਈ ਵਾਸਤਾ ਨਹੀਂ ਪਰ ਇਸ ਨਾਲ ਇਹ ਤੈਅ ਜ਼ਰੂਰ ਹੋਏਗਾ ਕਿ ਇਸ ਵੇਲੇ ਅਕਾਲੀ ਦਲ ਦੀ ਪੰਥਕ ਵੋਟਰਾਂ ਉੱਪਰ ਕਿੰਨੀ ਕੁ ਪਕੜ ਹੈ। ਇਸ ਤੋਂ ਇਲਾਵਾ ਜਲਦ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਵੀ ਚੋਣ ਹੋਣ ਜਾ ਰਹੀ ਹੈ ਜਿਸ ਨਾਲ ਅਕਾਲੀ ਦਲ ਦਾ ਭਵਿੱਖ ਜੁੜਿਆ ਹੋਇਆ ਹੈ।


ਇਹ ਵੀ ਪੜ੍ਹੋ:  ਕਿਸਾਨ ਅੰਦੋਲਨ ਕਰਕੇ ਅਜੇ ਦੇਵਗਨ ਦੀ ਦਿੱਲੀ 'ਚ ਕੁੱਟਮਾਰ ? ਵੀਡੀਓ ਵਾਇਰਲ ਹੋਣ ਮਗਰੋਂ ਦਿੱਤੀ ਸਫਾਈ


ਇਸ ਵਾਰ ਚੋਣ ਦਿੱਲੀ ਕਮੇਟੀ ਦੇ ਚੋਣ ਮੁਕਾਬਲੇ 'ਚ ਸ਼੍ਰੋਮਣੀ ਅਕਾਲੀ ਦਲ (ਬ) ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੋਂ ਇਲਾਵਾ ਮਨਜੀਤ ਸਿੰਘ ਜੀਕੇ ਦੀ ਅਗਵਾਈ ਵਾਲੀ ਜਾਗੋ ਪਾਰਟੀ ਵੀ ਚੁਣੌਤੀ ਦੇਣ ਲਈ ਮੈਦਾਨ 'ਚ ਉਤਰੇਗੀ। ਇਸ ਤੋਂ ਇਲਾਵਾ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਜਥੇਬੰਦੀ, ਵਡਾਲਾ ਗਰੁੱਪ ਤੇ ਪੰਥਕ ਸੇਵਾ ਦਲ ਦੇ ਉਮੀਦਵਾਰ ਵੀ ਚੋਣ ਮੈਦਾਨ 'ਚ ਹੋਣਗੇ। ਇਸ ਲਈ ਮੁਕਾਬਲਾ ਕਾਫੀ ਅਹਿਮ ਰਹੇਗਾ।

ਇਸ ਵਾਰ ਇਹ ਵੀ ਅਹਿਮ ਹੈ ਕਿ ਬੇਸ਼ੱਕ ਪਿਛਲੀਆਂ ਦੋ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਸੀ ਪਰ ਇਸ ਵਾਰ ਗੁਰਦੁਆਰਾ ਐਕਟ ਦੇ ਸੋਧੇ ਹੋਏ ਨਿਯਮ ਮੁਤਾਬਕ ਚੋਣਾਂ ਕਰਵਾਏ ਜਾਣ ਕਾਰਨ ਬਾਦਲ ਦਲ ਦੀਆਂ ਦਿੱਕਤਾਂ ਵਧ ਸਕਦੀਆਂ ਹਨ ਕਿਉਂਕਿ ਸੋਧੇ ਨਿਯਮ ਮੁਤਾਬਕ ਸਿਰਫ ਸੁਸਾਇਟੀ ਐਕਟ ਤਹਿਤ ਰਜਿਸਟਰਡ ਧਾਰਮਿਕ ਪਾਰਟੀਆਂ ਹੀ ਦਿੱਲੀ ਗੁਰਦੁਆਰਾ ਚੋਣਾਂ ਲੜ ਸਕਦੀਆਂ ਹਨ।


ਇਹ ਵੀ ਪੜ੍ਹੋ:  ਅਕਾਲੀ ਦਲ ਨੂੰ ਵੱਡਾ ਝਟਕਾ, ਨਹੀਂ ਲੜ ਸਕਦੀ DSGMC ਦੀ ਚੋਣ

ਦਰਅਸਲ ਲੰਮੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਚੋਣ ਕਰਵਾਉਣ ਦੀ ਮੰਗ ਚੱਲ ਰਹੀ ਹੈ ਪਰ ਕੇਂਦਰ ਸਰਕਾਰ ਇਸ ਬਾਰੇ ਕੋਈ ਫੈਸਲਾ ਨਹੀਂ ਲੈ ਸਕੀ। ਅਹਿਮ ਗੱਲ ਹੈ ਕਿ ਇਸੇ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦਾ ਫੈਸਲਾ ਹੋ ਗਿਆ ਹੈ। ਉਂਝ ਮੰਗਲਵਾਰ ਦੇਰ ਸ਼ਾਮ ਤੱਕ ਗੁਰਦੁਆਰਾ ਚੋਣ ਡਾਇਰੈਕਟੋਰੇਟ ਵੱਲੋਂ ਅਧਿਕਾਰਤ ਤੌਰ 'ਤੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਪਰ ਸੂਤਰਾਂ ਮੁਤਾਬਕ ਇਸ ਸਬੰਧੀ ਤਿਆਰੀ ਮੁਕੰਮਲ ਹੋ ਚੁੱਕੀ ਹੈ।

ਸੋਸ਼ਲ ਮੀਡੀਆ 'ਤੇ ਵਾਇਰਲ ਨੋਟੀਫਿਕੇਸ਼ਨ ਦੀ ਕਾਪੀ ਮੁਤਾਬਕ ਬੁੱਧਵਾਰ 31 ਮਾਰਚ ਤੋਂ ਹੀ ਨਾਮਜ਼ਦਗੀ ਪਰਚੇ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਤੇ ਨਾਮਜ਼ਦਗੀ ਪਰਚੇ ਦਾਖਲ ਕਰਨ ਦੀ ਆਖਰੀ ਤਰੀਕ 7 ਅਪ੍ਰੈਲ ਹੋਵੇਗੀ। ਨਾਮਜ਼ਦਗੀ ਪਰਚਿਆਂ ਦੀ ਜਾਂਚ 8 ਅਪ੍ਰੈਲ ਨੂੰ ਹੋਏਗੀ ਤੇ 10 ਅਪ੍ਰੈਲ ਤੱਕ ਨਾਂ ਵਾਪਸ ਲਏ ਜਾ ਸਕਣਗੇ। 25 ਅਪ੍ਰੈਲ ਐਤਵਾਰ ਨੂੰ ਦਿੱਲੀ ਦੇ ਸਾਰੇ 46 ਚੋਣ ਹਲਕਿਆਂ 'ਚ ਵੋਟਾਂ ਪੈਣਗੀਆਂ ਤੇ ਗਿਣਤੀ 28 ਅਪ੍ਰੈਲ ਨੂੰ ਹੋਵੇਗੀ।


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ