ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਮੁੱਖ ਆਗੂਆਂ ਦੀ ਇੱਕ ਅਹਿਮ ਬੈਠਕ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸ. ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਸ.ਢੀਂਡਸਾ ਵੱਲੋਂ ਮੀਰੀ ਪੀਰੀ ਦੇ ਮਾਲਕ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੀ ਗੁਰਤਾ ਗੱਦੀ ਦਿਵਸ ਦੀ ਵਧਾਈ ਦਿੱਤੀ ਗਈ। ਇਸ ਉਪਰੰਤ ਪੰਥ ਦੀਆਂ ਦਰਪੇਸ਼ ਸਮੱਸਿਆਵਾਂ ਦੇ ਨਿਪਟਾਰੇ ਲਈ ਆਗੂਆਂ ਵੱਲੋਂ ਵਿਸਥਾਰਪੂਰਵਕ ਚਰਚਾ ਕੀਤੀ ਗਈ। ਇਸ ਦੌਰਾਨ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ ਦਾ ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ।



ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਬੀਤੀਂ 16 ਮਈ ਨੂੰ ਗਠਿਤ ਕੀਤੀ ਗਈ 11 ਮੈਂਬਰੀ ਕਮੇਟੀ ਵਿੱਚ ਪੰਥ ਵਿਰੋਧੀ ਸੁਖਬੀਰ ਬਾਦਲ ਦਾ ਨਾਂਅ ਪਾਏ ਜਾਣ ਤੇ  ਸ. ਸੁਖਦੇਵ ਸਿੰਘ ਢੀਂਡਸਾ ਵੱਲੋਂ ਉਸੇ ਦਿਨ ਮੀਡੀਆਂ ਰਾਹੀਂ ਸਖ਼ਤ ਵਿਰੋਧ ਕੀਤਾ ਗਿਆ ਸੀ।  ਇਸ ਦੌਰਾਨ ਸ.ਢੀਂਡਸਾ ਨੇ ਕਿਹਾ ਕਿ ਐਸ.ਜੀ.ਪੀ.ਸੀ ਨੂੰ ਧਾਰਮਿਕ ਕੰਮਾਂ ਵਿੱਚ ਸਿਆਸੀ ਲੋਕਾਂ ਨੂੰ ਸ਼ਾਮਿਲ ਨਹੀਂ ਕਰਨਾ ਚਾਹੀਦਾ ਹੈ।ਉਹਨਾਂ ਅੱਗੇ ਕਿਹਾ ਕਿ ਬਾਦਲ ਪਰਿਵਾਰ ਨੇ ਪਿਛਲੇਂ ਲੰਮੇ ਸਮੇਂ ਤੋਂ ਪੰਥ ਅਤੇ ਪੰਜਾਬ ਦਾ ਜੋ  ਭਾਰੀ ਨੁਕਸਾਨ ਕੀਤਾ ਹੈ, ਉਹ ਪੰਥ ਤੋਂ ਲੁਕਿਆਂ-ਛੁਪਿਆ ਨਹੀਂ ਹੈ । ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਬਾਦਲ ਦਲ ਸਿਆਸੀ ਤੌਰ ਤੇ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ ਅਤੇ ਆਪਣੀ ਸਿਆਸੀ ਧਰਾਤਲ ਮੁੜ ਸਥਾਪਿਤ ਕਰਨ ਲਈ ਸੁਖਬੀਰ ਬਾਦਲ ਨੂੰ ਹੁਣ ਪੰਥ ਹਿੱਤ ਚੇਤੇ ਆਉਣ ਲੱਗ ਪਏ ਹਨ।


ਇਸ ਤੋਂ ਪਹਿਲਾਂ  ਸੁਖਬੀਰ ਬਾਦਲ ਸੱਤਾ ਦੇ ਨਸ਼ੇ ਵਿੱਚ ਪੰਥਕ ਅਸੂਲਾਂ ਨੂੰ ਛਿੱਕੇ ਟੰਗ ਕੇ ਕੌਮ ਦੇ ਧਰਮੀ ਯੁੱਧਿਆ ਨੂੰ ਪਾਕਿਸਤਾਨੀ ਏਜੰਸੀਆਂ ਦੇ ਮੈਂਬਰ,ਅਤਿਵਾਦੀ ਅਤੇ ਕਾਤਲ ਗਰਦਾਨਦਾ ਰਿਹਾ ਹੈ ਅਤੇ ਬਾਦਲ ਪਰਿਵਾਰ ਵੱਲੋਂ ਕਦੇ ਵੀ ਪੰਜਾਬ ਵਿੱਚ ਸੱਤਾ ਵਿੱਚ ਰਹਿੰਦਿਆਂ ਬੰਦੀ ਸਿੰਘਾਂ ਦੀ ਰਿਹਾਈ ਦੇ ਕੋਈ ਯਤਨ ਨਹੀਂ ਕੀਤੇ ਗਏ । ਉਹਨਾਂ ਕਿਹਾ ਕਿ ਬਰਗਾੜੀ ਬੇਅਦਬੀ ਕਾਂਡ,ਬਹਿਬਲ ਕਲਾਂ ਗੋਲੀਕਾਂਡ,ਲੁਧਿਆਣਾ ਲੁਹਾਰਾ ਨੂਰਮਹਿਲੀਆਂ ਕਾਂਡ  ਅਤੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦਿਵਾਉਣ ਵਿੱਚ ਬਾਦਲ ਪਰਿਵਾਰ ਦਾ ਵੱਡਾ ਹੱਥ ਸੀ। ਅੱਜ ਦੀ ਮੀਟਿੰਗ ਵਿੱਚ ਸਮੁੱਚੇ ਆਗੂਆਂ ਵੱਲੋਂ ਸ. ਸੁਖਦੇਵ ਸਿੰਘ ਢੀਂਡਸਾ ਦੇ ਬਿਆਨ ਦੀ ਪ੍ਰੜੋਤਾ ਕੀਤੀ ਗਈ।ਇਸ ਤੋਂ ਇਲਾਵਾ 11 ਮੈਂਬਰੀ ਕਮੇਟੀ ਵਿੱਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ. ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ 11 ਮੈਂਬਰੀ ਕਮੇਟੀ ਵਿੱਚੋਂ ਬਾਹਰ ਕੱਢਣ ਲਈ ਲਏ ਗਏ ਸਟੈਂਡ ਦੀ ਸ਼ਲਾਘਾ ਕੀਤੀ ਗਈ।



ਇਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਲਈ ਸ. ਢੀਂਡਸਾ  ਨੂੰ ਅਗਲੀ ਰਣਨੀਤੀ ਉਲੀਕਣ ਲਈ ਅਖਤਿਆਰ ਵੀ ਦਿੱਤੇ ਗਏ।ਅੱਜ ਦੀ ਮੀਟਿੰਗ ਵਿੱਚ ਸ. ਢੀਂਡਸਾ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ  ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਤੇ  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਰਾਬਤਾ ਕਾਇਮ ਕਰਕੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲ਼ਰ ਦੀ ਰਿਹਾਈ ਲਈ ਜਲਦ ਤੋਂ ਜਲਦ ਰਾਹ ਪੱਧਰਾ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ। ਭਾਈ ਗੁਰਦੀਪ ਸਿੰਘ ਖੇੜਾ ਦੀ ਰਿਹਾਈ ਲਈ ਵੀ ਕਰਨਾਟਕ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਗਈ ਹੈ। ਮੀਟਿੰਗ ਵਿੱਚ ਜਥੇਦਾਰ ਤੋਤਾ ਸਿੰਘ ਸੀਨੀਅਰ ਟਕਸਾਲੀ ਲੀਡਰ ਅਤੇ ਸ. ਅਮਰਜੀਤ ਸਿੰਘ ਸਤਿਆਲ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੰਯੁਕਤ (ਰੂਪਨਗਰ) ਦੇ ਅਕਾਲ ਚਲਾਣੇ  ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਉਹਨਾਂ ਦੀ ਰੂਹ ਦੀ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ। 



ਅੱਜ ਹੋਈ ਮੀਟਿੰਗ ਵਿੱਚ ਜਸਟਿਸ ਨਿਰਮਲ ਸਿੰਘ(ਸੇਵਾਮੁਕਤ) ,ਸ. ਪਰਮਿੰਦਰ ਸਿੰਘ ਢੀਂਡਸਾ ,ਬੀਬੀ ਪਰਮਜੀਤ ਸਿੰਘ ਗੁਲਸ਼ਨ,ਸ.ਸਰਵਣ ਸਿੰਘ ਫਿਲੌਰ ,ਸ.ਜਗਦੀਸ਼ ਸਿੰਘ ਗਰਚਾ,ਐਡਵੋਕੇਟ ਸ਼ਿੰਦਰਪਾਲ ਸਿੰਘ ਬਰਾੜ,ਸ. ਸੁਖਵਿੰਦਰ ਸਿੰਘ ਔਲਖ,ਸ. ਮਿੱਠੂ ਸਿੰਘ ਕਾਹਨੇਕੇ,ਸ. ਮਲਕੀਤ ਸਿੰਘ ਚੰਗਾਲ,ਸ. ਤੇਜਿੰਦਰਪਾਲ ਸਿੰਘ ਸੰਧੂ , ਸ. ਮਨਜੀਤ ਸਿੰਘ ਭੋਮਾ, ਸ. ਹਰਪ੍ਰੀਤ ਸਿੰਘ ਜੌਲੀ , ਸ. ਅਰਜਨ ਸਿੰਘ ਸ਼ੇਰਗਿੱਲ, ਬੀਬੀ ਹਰਜੀਤ ਕੋਰ ਤਲਵੰਡੀ , ਸ. ਹਰਪ੍ਰੀਤ ਸਿੰਘ ਗਰਚਾ , ਸ. ਹਰਵੇਲ ਸਿੰਘ ਮਾਧੋਪੁਰ, ਸ. ਭੁਪਿੰਦਰ ਸਿੰਘ ਬਜਰੂੜ , ਸ. ਗੁਰਜੀਵਨ ਸਿੰਘ ਸਰੌਦ,ਸ. ਕਰਮਵੀਰ ਸਿੰਘ ਪੰਨੂੰ,ਸ. ਸੁਖਦੇਵ ਸਿੰਘ ਚੱਕ , ਸ. ਹਰਦੀਪ ਸਿੰਘ ਘੁੰਨਸ , ਸ. ਮਨਜੀਤ ਸਿੰਘ ਬੱਪੀਆਣਾ, ਸ. ਪ੍ਰਿਤਪਾਲ ਸਿੰਘ ਹਾਂਡਾ, ਸ. ਰਾਮਪਾਲ ਸਿੰਘ ਬੈਨੀਪਾਲ , ਸ. ਗੁਰਚਰਨ ਸਿੰਘ ਚੰਨੀ, ਸ. ਰਣਜੀਤ ਸਿੰਘ ਔਲਖ ਅਤੇ ਐਡਵੋਕੇਟ ਮਹਿਕਪ੍ਰੀਤ ਕੌਰ,ਸ.ਮਨਿੰਦਰਪਾਲ ਸਿੰਘ ਬਰਾੜ ਅਤੇ ਸ. ਢੀਂਡਸਾ ਦੇ ਓਐਸਡੀ ਸ. ਜਸਵਿੰਦਰ ਸਿੰਘ ਮੌਜੂਦ ਸਨ।