Farmer Protest: ਸੋਮਵਾਰ ਨੂੰ ਚੰਡੀਗੜ੍ਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਤੇ ਕਿਸਾਨਾਂ ਵਿਚਕਾਰ ਹੋਈ ਬਹਿਸ ਤੋਂ ਬਾਅਦ ਭਗਵੰਤ ਮਾਨ ਮੀਟਿੰਗ ਛੱਡ ਕੇ ਚਲੇ ਗਏ। ਇਸ ਤੋਂ ਬਾਅਦ ਚੜ੍ਹਦੇ ਦਿਨ ਹੀ ਕਿਸਾਨਾਂ ਉੱਤੇ ਐਕਸ਼ਨ ਸ਼ੁਰੂ ਹੋ ਗਿਆ ਹੈ। ਕਿਸਾਨਾਂ ਨੂੰ ਨਜ਼ਰਬੰਦ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਹੁਣ ਸ੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਪੰਜਾਬ ਪੁਲਿਸ ਦੇ ਐਕਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਵੀ ਜੰਮ ਕੇ ਕੋਸਿਆ ਹੈ।



ਬਠਿੰਡਾ ਹਲਕੇ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਸੱਤਾ ਦਾ ਹੰਕਾਰ ਭਗਵੰਤ ਮਾਨ ਦੇ ਸਿਰ 'ਤੇ ਚੜ੍ਹ ਗਿਆ ਹੈ ! ਕੱਲ ਸ਼ਾਮ ਪਹਿਲਾਂ ਕਿਸਾਨ ਆਗੂਆਂ ਨਾਲ ਬਦਸਲੂਕੀ ਕਰ ਗੱਲਬਾਤ ਤੋਂ ਭੱਜ ਗਿਆ !ਲੋਕਤੰਤਰ 'ਚ ਆਪਣੀ ਆਵਾਜ਼ ਚੁੱਕਣ ਤੋਂ ਰੋਕਣ ਲਈ ਰਾਤ ਕਿਸਾਨ ਆਗੂਆਂ ਦੀ ਗ੍ਰਿਫਤਾਰੀ ਸ਼ੁਰੂ ਕਰ ਦਿੱਤੀ ! ਭਗਵੰਤ ਮਾਨ ਵੱਲੋਂ ਮੁਆਫ਼ੀ ਮੰਗਣ ਦੀ ਬਜਾਏ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨ ਦੀ ਮੈਂ ਸਖ਼ਤ ਨਿੰਦਾ ਕਰਦੀ ਹਾਂ






ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਹੰਕਾਰੀ ਮੁੱਖ ਮੰਤਰੀ ਵੱਲੋਂ ਕਿਸਾਨ ਆਗੂਆਂ ਦੇ ਘਰਾਂ 'ਤੇ ਕੀਤੀ ਜਾ ਰਹੀ ਛਾਪੇਮਾਰੀ ਦੀ ਮੈਂ ਸਖ਼ਤ ਨਿਖੇਦੀ ਕਰਦਾ ਹਾਂ , ਆਪ ਸਰਕਾਰ ਅਜਿਹੀ ਘਟੀਆ ਕਾਰਵਾਈ ਕਰਕੇ ਲੋਕਤੰਤਰ ਦਾ ਗਲਾ ਘੁੱਟ ਰਹੀ ਹੈ। 
ਬੀਤੀ ਸ਼ਾਮ ਕਿਸਾਨ ਆਗੂਆਂ ਨਾਲ ਦੁਰਵਿਵਹਾਰ ਦੀ ਮੁਆਫੀ ਮੰਗਣ ਦੀ ਬਜਾਏ ਭਗਵੰਤ ਮਾਨ ਨੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ।  ਭਗਵੰਤ ਮਾਨ ਇਹ ਸੱਤਾ ਸਦੀਵੀ ਨਹੀਂ ਰਹਿੰਦੀ , ਪੰਜਾਬ ਦੇ ਅਣਖੀ ਲੋਕ ਤੈਨੂੰ ਇਸਦਾ ਸਬਕ ਜਲਦੀ ਸਿਖਾਉਣਗੇ ।






ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਪੰਜਾਬ ਦੇ ਹੰਕਾਰੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨ ਆਗੂਆਂ ਦੇ ਘਰਾਂ 'ਤੇ ਛਾਪੇਮਾਰੀ ਕਰਨ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਸ਼੍ਰੋਮਣੀ ਅਕਾਲੀ ਦਲ ਸਖ਼ਤ ਨਿੰਦਾ ਕਰਦਾ ਹੈ ।  ਅਜਿਹਾ ਕਰਕੇ ਆਪ ਸਰਕਾਰ ਲੋਕਤੰਤਰ ਦਾ ਕਤਲ ਕਰ ਰਹੀ ਹੈ । 
ਖੁਦ ਧਰਨੇ ਮੁਜਾਹਰਿਆਂ 'ਚੋ ਨਿਕਲੀ ਆਪ ਪਾਰਟੀ ਹੁਣ ਧਰਨਿਆਂ ਤੋਂ ਹੀ ਡਰਨ ਲੱਗ ਗਈ ਹੈ । ਸ਼੍ਰੋਮਣੀ ਅਕਾਲੀ ਦਲ ਆਪਣੇ ਕਿਸਾਨ ਵੀਰਾਂ ਦੇ ਨਾਲ ਹੈ ਤੇ ਹਰ ਸੰਘਰਸ਼ ਚ ਡੱਟ ਕੇ ਨਾਲ ਖੜ੍ਹਾ ਹੈ