Ludhiana News: ਸ਼ਿਵ ਸੈਨਾ ਲੀਡਰ ਸੰਦੀਪ ਥਾਪਰ ’ਤੇ ਹਮਲੇ ਦਾ ਮਾਮਲਾ ਗਰਮਾਇਆ ਹੋਇਆ ਹੈ। ਬੀਜੇਪੀ ਇਸ ਮੁੱਦੇ ਉਪਰ ਸੱਤਾਧਿਰ ਆਮ ਆਦਮੀ ਪਾਰਟੀ ਨੂੰ ਘੇਰ ਰਹੀ ਹੈ ਪਰ ‘ਆਪ’ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਹੈ ਕਿ ਸ਼ਿਵ ਸੈਨਾ ਆਗੂ ਨੂੰ ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਂਦੇ ਸਮੇਂ ਸੰਜਮ ਵਰਤਣਾ ਚਾਹੀਦਾ ਸੀ। 


ਵਿਕਰਮਜੀਤ ਸਾਹਨੀ ਨੇ ਸੰਦੀਪ ਥਾਪਰ ’ਤੇ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਸ਼ਿਵ ਸੈਨਾ ਆਗੂ ਨੂੰ ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਂਦੇ ਸਮੇਂ ਸੰਜਮ ਵਰਤਣਾ ਚਾਹੀਦਾ ਸੀ। ਐਕਸ ’ਤੇ ਆਪ’ ਸੰਸਦ ਮੈਂਬਰ ਨੇ ਕਿਹਾ, ‘ਅਸੀਂ ਕਿਸੇ ਵੀ ਵਿਅਕਤੀ ਖ਼ਿਲਾਫ਼ ਹਿੰਸਾ ਦੀ ਸਖ਼ਤ ਨਿੰਦਾ ਕਰਦੇ ਹਾਂ ਪਰ ਸੰਦੀਪ ਥਾਪਰ ਨੂੰ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ ਸੀ ਤੇ ਸੰਜਮ ਵਰਤਣਾ ਚਾਹੀਦਾ ਸੀ। 



ਉਨ੍ਹਾਂ ਨੇ ਅੱਗੇ ਲਿਖਿਆ 6 ਜੂਨ, ਬਲੂਸਟਾਰ ਮਨਾਉਣਾ ਤੇ ਲੱਡੂ ਵੰਡਣਾ ਸਿੱਖ ਭਾਵਨਾਵਾਂ ਨਾਲ ਖਿਲਵਾੜ ਹੈ। ਉਸ ਨੇ ਪਿਛਲੇ ਸਾਲ ਜਦੋਂ ਪੂਰਾ ਸੂਬਾ ਹੜ੍ਹਾਂ ਦੀ ਮਾਰ ਝੱਲ ਰਿਹਾ ਸੀ ਤਾਂ ਉਸ ਨੇ ਪੰਜਾਬ ਦੀ ਤਬਾਹੀ ਦਾ ਮਜ਼ਾਕ ਉਡਾਇਆ ਸੀ। ਇਸ ਕਰਕੇ ਨਫਰਤ ਫੈਲਾਉਣ ਵਾਲੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਫਿਰਕੂ ਸਦਭਾਵਨਾ ਨੂੰ ਹਰ ਕੀਮਤ ’ਤੇ ਕਾਇਮ ਰੱਖਿਆ ਜਾਣਾ ਚਾਹੀਦਾ ਹੈ।


ਦਰਅਸਲ ਲੁਧਿਆਣਾ ਵਿੱਚ ਸ਼ਿਵ ਸੈਨਾ (ਪੰਜਾਬ) ਦੇ ਆਗੂ ਸੰਦੀਪ ਥਾਪਰ ’ਤੇ ਨਿਹੰਗਾਂ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਸੂਬੇ ਵਿੱਚ ਸਿਆਸੀ ਜੰਗ ਛਿੜ ਗਈ ਹੈ ਤੇ ਵਿਰੋਧੀ ਪਾਰਟੀਆਂ ਵੱਲੋਂ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਮਾਮਲੇ ’ਤੇ ਮੁੱਖ ਮੰਤਰੀ ਤੋਂ ਅਸਤੀਫਾ ਮੰਗਿਆ ਜਾ ਰਿਹਾ ਹੈ। 



ਬੀਜੇਪੀ ਲੀਡਰ ਰਵਨੀਤ ਸਿੰਘ ਬਿੱਟੂ, ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਮੇਤ ਹੋਰ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸੂਬਾ ਸਰਕਾਰ ਕਾਨੂੰਨ ਵਿਵਸਥਾ ਦੇ ਮੋਰਚੇ ’ਤੇ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। 


ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਐਕਸ ’ਤੇ ਪੋਸਟ ਪਾ ਕੇ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚੋਂ ਪ੍ਰਸ਼ਾਸਨ ਗਾਇਬ ਹੈ। ਕਾਨੂੰਨ ਵਿਵਸਥਾ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਅਧਿਕਾਰੀ ਆਪਣਾ ਕੰਮ ਕਰਨ ਦੀ ਬਜਾਏ ‘ਆਪ’ ਆਗੂਆਂ ਨੂੰ ਖੁਸ਼ ਕਰਨ ‘ਚ ਲੱਗੇ ਹੋਏ ਹਨ।