ਚੰਡੀਗੜ੍ਹ: ਪੰਜਾਬ ਪੁਲਿਸ ਨੇ ਐਤਵਾਰ ਨੂੰ ਸ਼ਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਸੁਧੀਰ ਸੂਰੀ ਨੂੰ ਵਾਇਰਲ ਵੀਡੀਓ 'ਚ ਮਹਿਲਾ ਦਾ ਅਪਮਾਨ ਕਰਨ ਤੇ ਵੱਖ-ਵੱਖ ਸਮੂਹਾਂ ਨੂੰ ਭੜਕਾਉਣ ਦੇ ਦੋਸ਼ਾ ਹੇਠ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਸੂਰੀ ਨੂੰ ਕਾਬੂ ਕਰਨ ਲਈ ਕਰੀਬ 1300 ਕਿਲੋਮੀਟਰ ਤੱਕ ਉਸ ਦਾ ਪਿੱਛਾ ਕੀਤਾ।

ਡੀਜੀਪੀ ਦਿਨਕਰ ਗੁਪਤਾ ਮੁਤਾਬਿਕ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ 11 ਮੁਲਾਜ਼ਮਾਂ ਦੀਆਂ ਦੋ ਟੀਮਾਂ ਬਣਾਈਆਂ ਗਈਆਂ ਸਨ ਜਿਨ੍ਹਾਂ ਨੇ ਸੂਰੀ ਨੂੰ ਐਤਵਾਰ ਸਵੇਰੇ ਗ੍ਰਿਫ਼ਤਾਰ ਕੀਤਾ। ਡੀਜੀਪੀ ਨੇ ਦੱਸਿਆ ਕਿ ਮੁਲਜ਼ਮ ਦੀ ਭਾਲ ਉਦੋਂ ਸ਼ੁਰੂ ਹੋਈ ਜਦੋਂ ਇੱਕ ਵਾਇਰਲ ਵੀਡੀਓ ਸਾਹਮਣੇ ਆਇਆ ਜਿਸ ਵਿੱਚ ਵਿਅਕਤੀ ਇੱਕ ਮਹਿਲਾ ਨਾਲ ਬਦਸਲੂਕੀ ਕਰਦਾ ਨਜ਼ਰ ਆ ਰਿਹਾ ਸੀ।



ਡੀਜੀਪੀ ਨੇ ਖੁਲਾਸਾ ਕੀਤਾ ਕਿ 8 ਜੁਲਾਈ ਨੂੰ ਪਹਿਲੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਭਾਰਤ ਤੇ ਵਿਦੇਸ਼ਾਂ ਵਿੱਚ ਇਸ ਵੀਡੀਓ ਦੀ ਭਾਰੀ ਅਲੋਚਨਾ ਹੋਈ। ਇਸ ਤੋਂ ਬਾਅਦ ਜੰਡਿਆਲਾ ਪੁਲਿਸ, ਅੰਮ੍ਰਿਤਸਰ (ਦਿਹਾਤੀ) ਨੇ ਸੂਰੀ ਖਿਲਾਫ ਆਈਪੀਸੀ ਦੀ ਧਾਰਾ 153-ਏ, 354-ਏ, 509 ਤੇ ਆਈਟੀ ਐਕਟ ਦੀ ਧਾਰਾ 67 ਦੇ ਤਹਿਤ  ਅਪਰਾਧਿਕ ਕੇਸ ਦਰਜ ਕੀਤਾ ਸੀ।