Paddy Procuremen: ਦੇਸ਼ ਦੇ ਕਈ ਸੂਬਿਆਂ ਵਿੱਚ ਪੰਜਾਬ ਦੇ ਚੌਲਾਂ ਦੇ ਸੈਂਪਲ ਫੇਲ੍ਹ ਹੋਣ ਮਗਰੋਂ ਹਾਹਾਕਾਰ ਮੱਚ ਗਈ ਹੈ ਜਿਸ ਦਾ ਸਿੱਧਾ ਖਮਿਆਜ਼ਾ ਕਿਸਾਨਾਂ ਨੂੰ ਤਾਰਨਾ ਪੈ ਸਕਦਾ ਹੈ। ਚੌਲਾਂ ਦੇ ਸੈਂਪਲ ਫੇਲ੍ਹ ਹੋਣ ਮਗਰੋਂ ਪੰਜਾਬ ਦੇ ਚੌਲ ਮਿੱਲ ਮਾਲਕ ਡਰ ਗਏ ਹਨ। ਇਸ ਲਈ ਉਹ ਹੁਣ ਤੈਅ ਮਾਪਦੰਡਾਂ ਤੋਂ ਹੇਠਾਂ ਫ਼ਸਲ ਚੁੱਕਣ ਤੋਂ ਕਿਨਾਰਾ ਕਰਨ ਲੱਗੇ ਹਨ। ਇਸ ਨਾਲ ਝੋਨੇ ਦੀ ਖਰੀਦ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। 


ਹੋਰ ਪੜ੍ਹੋ : Stubble Burn: ਕਿਸਾਨਾਂ ਨੂੰ ਮੋਟੇ ਜ਼ੁਰਮਾਨੇ ਠੋਕਣ 'ਤੇ ਭੜਕ ਉੱਠੀਆਂ ਕਿਸਾਨ ਜਥੇਬੰਦੀਆਂ, ਬੋਲੇ, ਜੁਰਮਾਨੇ 10 ਗੁਣਾਂ ਵੀ ਕਰ ਦਿਓ, ਅਸੀਂ ਨਹੀਂ ਭਰਾਂਗੇ...


ਦੱਸ ਦਈਏ ਕਿ ਪੰਜਾਬ ਦੇ ਅਰੁਣਾਚਲ ਪ੍ਰਦੇਸ਼ ਤੇ ਕਰਨਾਟਕ ਵਿੱਚ ਗਏ ਚੌਲਾਂ ਦੀ ਸੈਂਪਲ ਫ਼ੇਲ੍ਹ ਹੋ ਗਏ ਹਨ। ਹੁਣ ਇਸ ਦਾ ਸਿੱਧਾ ਅਸਰ ਝੋਨੇ ਦੀ ਖ਼ਰੀਦ ’ਤੇ ਪੈਣ ਦੀ ਸੰਭਾਵਨਾ ਹੈ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਖੱਜਲ-ਖੁਆਰੀ ਰੋਕਣ ਲਈ ਤੇਜ਼ੀ ਨਾਲ ਝੋਨਾ ਚੁੱਕਣ ਲਈ ਦਬਾਅ ਬਣਾਇਆ ਜਾ ਰਿਹਾ ਹੈ ਜਦੋਂਕਿ ਮਿੱਲਰ ਘਬਰਾਏ ਹੋਏ ਹਨ। ਪੰਜਾਬ ਦੇ ਮਿੱਲਰਾਂ ਦਾ ਕਹਿਣਾ ਹੈ ਕਿ ਉਹ 17 ਫ਼ੀਸਦੀ ਤੋਂ ਵੱਧ ਨਮੀ ਵਾਲਾ ਝੋਨਾ ਨਹੀਂ ਚੁੱਕਣਗੇ। 




ਸੋਸ਼ਲ ਮੀਡੀਆ ’ਤੇ ਵੀਡੀਓਜ਼ ਵਾਇਰਲ ਹੋਈਆਂ ਹਨ, ਜਿਨ੍ਹਾਂ ਵਿੱਚੋਂ ਕੁਝ ਫ਼ਰੀਦਕੋਟ ਜ਼ਿਲ੍ਹੇ ਵਿੱਚ ਮਿੱਲ ਮਾਲਕਾਂ ਨੂੰ ਝੋਨੇ ਦੇ ਭਰੇ ਟਰੱਕ ਮਿੱਲਾਂ ’ਚ ਅਣਲੋਡ ਕਰਨ ਵਾਸਤੇ ਮਜਬੂਰ ਕਰਨ ਲਈ ਪੁਲਿਸ ਬੁਲਾਏ ਜਾਣ ਨਾਲ ਸਬੰਧਤ ਹਨ। ਮਮਦੋਟ ਤੇ ਮੱਖੂ ’ਚ ਵੀ ਮਿੱਲ ਮਾਲਕ ਪ੍ਰਸ਼ਾਸਨ ’ਤੇ ਉਨ੍ਹਾਂ ਨੂੰ ਤੈਅ ਨਮੀ ਤੋਂ ਵੱਧ ਮਾਤਰਾ ਵਾਲਾ ਝੋਨਾ ਲੈਣ ਲਈ ਮਜਬੂਰ ਕਰਨ ਦਾ ਦੋਸ਼ ਲਾ ਰਹੇ ਹਨ। ਮੰਡੀਆਂ ਵਿੱਚ ਇਸ ਵੇਲੇ 22 ਫ਼ੀਸਦੀ ਨਮੀ ਵਾਲਾ ਝੋਨਾ ਆ ਰਿਹਾ ਹੈ। 


ਦੱਸ ਦਈਏ ਕਿ ਮਾਝੇ ਦੇ ਖੇਤਰ ਵਿੱਚ ਤਾਂ ਨਮੀ ਵਾਲੇ ਝੋਨੇ ਦਾ ਬਹਾਨਾ ਲੈ ਕੇ ਕਿਸਾਨਾਂ ਤੋਂ ਕਟੌਤੀ ਵੀ ਕੀਤੀ ਜਾ ਰਹੀ ਹੈ। ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ 124.68 ਲੱਖ ਟਨ ਝੋਨੇ ਦੀ ਆਮਦ ਹੋਈ ਹੈ ਜਿਸ ’ਚੋਂ 119.70 ਲੱਖ ਝੋਨਾ ਖ਼ਰੀਦ ਕੀਤਾ ਜਾ ਚੁੱਕਾ ਹੈ। ਖ਼ਰੀਦੀ ਗਈ ਫ਼ਸਲ ’ਚੋਂ 71.93 ਲੱਖ ਟਨ ਦੀ ਲਿਫ਼ਟਿੰਗ ਹੋ ਚੁੱਕੀ ਹੈ ਜੋ 60 ਫ਼ੀਸਦੀ ਬਣਦੀ ਹੈ। 


 



ਉਧਰ, ਪੰਜਾਬ ਰਾਈਸ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਣ ਬਿੰਟਾ ਦਾ ਕਹਿਣਾ ਹੈ ਕਿ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਗੁਣਵੱਤਾ ਦੇ ਮਾਪਦੰਡਾਂ ’ਤੇ ਖਰਾ ਨਾ ਉੱਤਰਨ ਵਾਲਾ ਝੋਨਾ ਨਾ ਲੈਣ ਲਈ ਕਿਹਾ ਹੈ। ਮਿੱਲਰਾਂ ਨੂੰ ਡਰ ਹੈ ਕਿ ਨਮੀ ਵਾਲੇ ਝੋਨੇ ਦੀ ਮਾਰ ਉਨ੍ਹਾਂ ਨੂੰ ਵਿੱਤੀ ਰੂਪ ਵਿੱਚ ਝੱਲਣੀ ਪਵੇਗੀ। ਫ਼ਿਰੋਜ਼ਪੁਰ ਦੇ ਰਾਈਸ ਮਿੱਲਰਾਂ ਦਾ ਆਖਣਾ ਹੈ ਕਿ ਸਿਵਲ ਤੇ ਪੁਲੀਸ ਪ੍ਰਸ਼ਾਸਨ ਵੱਲੋਂ ਮਿੱਲਰਾਂ ’ਤੇ ਇਸ ਮਾਮਲੇ ਨੂੰ ਲੈ ਕੇ ਜ਼ਬਰਦਸਤੀ ਕੀਤੀ ਜਾ ਰਹੀ ਹੈ। ਮਿੱਲਰ ਆਖਦੇ ਹਨ ਕਿ ਕੇਂਦਰ ਵੱਲੋਂ ਚੌਲਾਂ ਦੇ ਨਮੂਨੇ ਰੱਦ ਕਰਨ ਪਿੱਛੇ ਕੋਈ ਸਾਜ਼ਿਸ਼ ਨਜ਼ਰ ਆ ਰਹੀ ਹੈ।