ਅੰਮ੍ਰਿਤਸਰ: ਮਾਝੇ 'ਚ ਬਾਜਵਾ ਪਰਿਵਾਰ ਦੇ ਦੋਫਾੜ ਹੋਣ ਤੋਂ ਬਾਅਦ ਇੱਕ ਹੋਰ ਟਕਸਾਲੀ ਕਾਂਗਰਸੀ ਪਰਿਵਾਰ ਨੇ ਕਾਂਗਰਸ ਤੋਂ ਬਗਾਵਤ ਕਰ ਦਿੱਤੀ ਹੈ। ਖਡੂਰ ਸਾਹਿਬ ਤੋਂ ਕਾਂਗਰਸ ਦੀ ਟਿਕਟ ਜਸਬੀਰ ਸਿੰਘ ਡਿੰਪਾ ਦੇ ਬੇਟੇ ਨੂੰ ਨਾ ਮਿਲਣ ਦੇ ਰੋਸ 'ਚ ਡਿੰਪਾ ਦੇ ਛੋਟੇ ਭਰਾ ਹਰਪਿੰਦਰ ਸਿੰਘ ਰਾਜਨ ਗਿੱਲ ਨੇ ਖਡੂਰ ਸਾਹਿਬ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। 


ਇਸ ਦੀ ਪੁਸ਼ਟੀ ਹਰਪਿੰਦਰ ਸਿੰਘ ਰਾਜਨ ਗਿੱਲ ਨੇ ਕਰ ਦਿੱਤੀ ਹੈ, ਹਾਲਾਂਕਿ ਰਾਜਨ ਕਿਸ ਪਾਰਟੀ ਵੱਲੋਂ ਚੋਣ ਲੜਨਗੇ, ਇਸ ਬਾਰੇ ਰਾਜਨ ਨੇ ਸ਼ਾਮ ਤਕ ਇੰਤਜਾਰ ਕਰਨ ਲਈ ਕਹਿ ਦਿੱਤਾ ਹੈ। ਇਹ ਵੀ ਚਰਚਾ ਹੈ ਕਿ ਆਪ ਖਡੂਰ ਸਾਹਿਬ ਤੋਂ ਆਪਣਾ ਉਮੀਦਵਾਰ ਬਦਲ ਕੇ ਰਾਜਨ ਨੂੰ ਆਪਣਾ ਉਮੀਦਵਾਰ ਬਣਾ ਸਕਦੀ ਹੈ।


ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਦੀ ਇਸ ਮਾਮਲੇ 'ਤੇ ਫਿਲਹਾਲ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਪਰ ਡਿੰਪਾ ਤੇ ਰਾਜਨ ਨੇ ਕੱਲ੍ਹ ਰਈਆ 'ਚ ਆਪਣੀ ਰਿਹਾਇਸ਼ 'ਤੇ ਕਾਂਗਰਸੀ ਵਰਕਰਾਂ ਤੇ ਸਮਰਥਕਾਂ ਨਾਲ ਮੀਟਿੰਗ ਕੀਤੀ ਜਿਸ 'ਚ ਫੈਸਲਾ ਹੋਇਆ ਕਿ ਰਾਜਨ ਗਿੱਲ ਖਡੂਰ ਸਾਹਿਬ ਤੋਂ ਚੋਣ ਲੜਨਗੇ। 


ਡਿੰਪਾ ਦੇ ਬੇਟੇ ਗੁਰਸੰਤ ਉਪਦੇਸ਼ ਸਿੰਘ ਗਿੱਲ ਕਾਂਗਰਸ ਵੱਲੋਂ ਖਡੂਰ ਸਾਹਿਬ ਤੋਂ ਦਾਅਵੇਦਾਰ ਸਨ ਪਰ ਕਾਂਗਰਸ ਨੇ ਵਿਧਾਇਕ ਰਮਨਜੀਤ ਸਿੱਕੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਡਿੰਪਾ ਦੇ ਪਿਤਾ ਬਿਆਸ ਤੋਂ ਕਾਂਗਰਸ ਦੇ ਵਿਧਾਇਕ, ਖੁਦ ਡਿੰਪਾ ਬਿਆਸ ਤੋਂ ਕਾਂਗਰਸ ਦੇ ਵਿਧਾਇਕ ਤੇ ਖਡੂਰ ਸਾਹਿਬ ਤੋਂ ਕਾਂਗਰਸ ਵੱਲੋਂ ਮੈਂਬਰ ਪਾਰਲੀਮੈਂਟ ਚੁਣੇ ਜਾ ਚੁੱਕੇ ਹਨ। ਡਿੰਪਾ ਨੇ ਕਾਂਗਰਸ ਵੱਲੋਂ ਪੰਜ ਵਾਰ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜੀ ਹੈ। 


ਇਹ ਵੀ ਚਰਚਾ ਹੈ ਕਿ ਰਾਜਨ ਗਿੱਲ ਦੀ ਅਰਵਿੰਦ ਕੇਜਰੀਵਾਲ ਦੇ ਨਾਲ ਮੀਟਿੰਗ ਹੋ ਚੁੱਕੀ ਹੈ ਤੇ ਪਾਰਟੀ ਅੱਜ ਸ਼ਾਮ ਤਕ ਖਡੂਰ ਸਾਹਿਬ ਤੋੰ ਆਪਣੇ ਉਮੀਦਵਾਰ ਮਨਜਿੰਦਰ ਸਿੰਘ ਲਾਲਪੁਰਾ ਨੂੰ ਹਟਾ ਕੇ ਰਾਜਨ ਗਿੱਲ ਨੂੰ ਆਪ ਦਾ ਉਮੀਦਵਾਰ ਬਣਾ ਸਕਦੀ ਹੈ। ਰਾਜਨ ਗਿੱਲ ਕੱਲ੍ਹ ਖਡੂਰ ਸਾਹਿਬ ਤੋਂ ਆਪਣੇ ਕਾਗਜ ਦਾਖਲ ਕਰਨਗੇ। ਡਿੰਪਾ ਦੇ ਪਰਿਵਾਰ ਦਾ ਬਾਬਾ ਬਕਾਲਾ, ਜੰਡਿਆਲਾ, ਖਡੂਰ ਸਾਹਿਬ ਤੇ ਅੰਮ੍ਰਿਤਸਰ ਪੂਰਬੀ ਹਲਕਿਆਂ 'ਚ ਪੂਰਾ ਆਧਾਰ ਹੈ ਤੇ ਜੇਕਰ ਰਾਜਨ ਆਪ 'ਚ ਸ਼ਾਮਲ ਹੁੰਦੇ ਹਨ ਤਾਂ ਮਾਝੇ 'ਚ ਆਪ ਨੂੰ ਜਬਰਦਸਤ ਹੁੰਗਾਰਾ ਮਿਲੇਗਾ।