Punjab Univarsity Ranking: ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਤੇ ਇੰਸਟੀਚਿਊਟਾਂ ਦੀ ਦਰਜਾਬੰਦੀ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ 44ਵਾਂ ਸਥਾਨ ਹਾਸਲ ਕੀਤਾ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ ਤਿੰਨ ਸਥਾਨ ਹੇਠਾਂ ਖਿਸਕ ਗਈ ਹੈ। ਫਾਰਮੇਸੀ ਵਰਗ ਵਿੱਚ ਪੰਜਾਬ ਯੂਨੀਵਰਸਿਟੀ ਤਾਜ਼ਾ ਦਰਜਾਬੰਦੀ ਵਿੱਚ ਅੱਠਵੇਂ ਸਥਾਨ ’ਤੇ ਆ ਪਹੁੰਚੀ ਜਦੋਂਕਿ ਪਿਛਲੇ ਸਾਲ ਇਸ ਦੀ ਤੀਜੀ ਪੁਜ਼ੀਸ਼ਨ ਸੀ। 


ਇਸ ਦੇ ਨਾਲ ਹੀ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਚੰਡੀਗੜ੍ਹ (ਪੀਜੀਆਈ) ਨੂੰ ਲਗਾਤਾਰ ਛੇਵੀਂ ਵਾਰ ਦੂਜਾ ਸਰਵੋਤਮ ਮੈਡੀਕਲ ਇੰਸਟੀਚਿਊਟ ਦਾ ਦਰਜਾ ਦਿੱਤਾ ਗਿਆ ਹੈ। ਸੰਸਥਾ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਫੈਕਲਟੀ ਤੇ ਸਟਾਫ਼ ਮੈਂਬਰਾਂ ਨੂੰ ਇਸ ਉਪਲਬਧੀ ਲਈ ਲਗਾਤਾਰ ਸਹਿਯੋਗ ਤੇ ਯਤਨਾਂ ਲਈ ਵਧਾਈ ਦਿੱਤੀ ਹੈ। 


ਇੰਸਟੀਚਿਊਟਾਂ ’ਚ ਮਦਰਾਸ ਲਗਾਤਾਰ ਪੰਜਵੀਂ ਵਾਰ ਸਿਖਰਲੇ ਸਥਾਨ ’ਤੇ ਰਿਹਾ ਜਦੋਂ ਕਿ ਇੰਡੀਅਨ ਇੰਸਟੀਚਿਊਟ ਆਫ ਸਾਇੰਸ (ਆਈਆਈਐਸਸੀ) ਬੰਗਲੂਰੂ ਨੇ ਸਰਵੋਤਮ ਯੂਨੀਵਰਸਿਟੀ ਤੇ ਖੋਜ ਸੰਸਥਾ ਹੋਣ ਦਾ ਮਾਣ ਹਾਸਲ ਕੀਤਾ ਹੈ। ਦਰਜਾਬੰਦੀ ਦਾ ਐਲਾਨ ਸ਼ੁੱਕਰਵਾਰ ਨੂੰ ਕੇਂਦਰੀ ਸਿੱਖਿਆ ਰਾਜ ਮੰਤਰੀ ਰਾਜਕੁਮਾਰ ਰਾਜਨ ਨੇ ਕੀਤਾ। 


ਦੇਸ਼ ਭਰ ਦੀਆਂ ਸਿਖਰਲੀਆਂ 100 ਸਿੱਖਿਆ ਸੰਸਥਾਵਾਂ ਵਿੱਚ ਚੰਡੀਗੜ੍ਹ ਯੂਨੀਵਰਸਿਟੀ (ਸੀਯੂ) ਪੰਜਾਬ, ਜੋ ਪ੍ਰਾਈਵੇਟ ਯੂਨੀਵਰਸਿਟ ਹੈ, ਨੇ 45ਵਾਂ ਸਥਾਨ ਪ੍ਰਾਪਤ ਕੀਤਾ ਹੈ। ਇੰਜ ਹੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਜਲੰਧਰ 46ਵੇਂ ਸਥਾਨ ’ਤੇ ਰਹੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ 87ਵਾਂ ਜਦੋਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ 74ਵਾਂ ਸਥਾਨ ਹਾਸਲ ਕੀਤਾ। 


ਦਰਜਾਬੰਦੀ ਵਿੱਚ ਮੁੱਢਲੇ ਦਸ ਸਥਾਨਾਂ ਵਿੱਚ ਆਈਆਈਟੀ ਮਦਰਾਸ, ਬੰਬੇ, ਦਿੱਲੀ, ਕਾਨਪੁਰ, ਖੜਗਪੁਰ, ਰੁੜਕੀ ਤੇ ਗੁਹਾਟੀ ਨੇ ਥਾਂ ਬਣਾਈ ਹੈ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਜੋ ਪਿਛਲੇ ਸਾਲ ਨੌਵੇਂ ਸਥਾਨ ’ਤੇ ਰਿਹਾ ਸੀ, ਨੇ ਕਾਰਗੁਜ਼ਾਰੀ ਵਿੱਚ ਸੁਧਾਰ ਕਰਦਿਆਂ ਇਸ ਸਾਲ ਛੇਵਾਂ ਸਥਾਨ ਹਾਸਲ ਕੀਤਾ। ਸਮੁੱਚੇ ਵਰਗ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 10ਵੇਂ ਸਥਾਨ ’ਤੇ ਕਾਇਮ ਰਹੀ। 


ਦੱਸ ਦਈਏ ਕਿ ਇਹ ਦਰਜਾਬੰਦੀ ਪੜ੍ਹਾਉਣ, ਸਿੱਖਣ, ਸਰੋਤ, ਖੋਜ ਤੇ ਪੇਸ਼ੇਵਰ ਪ੍ਰੈਕਟਿਸ, ਗਰੈਜੂਏਸ਼ਨ ਦੇ ਨਤੀਜਿਆਂ ਦੇ ਆਧਾਰ ’ਤੇ ਕੀਤੀ ਜਾਂਦੀ ਹੈ। ਯੂਨੀਵਰਸਿਟੀਆਂ ਦੇ ਵਰਗ ਵਿੱਚ ਆਈਆਈਐਸਸੀ ਬੰਗਲੂਰੂ ਨੇ ਸਿਖਰਲਾ ਸਥਾਨ ਮੱਲਿਆ ਹੈ। ਇੰਜ ਹੀ ਜੇਐਨਯੂ ਤੇ ਜਾਮੀਆ ਮਿਲੀਆ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਰਹੇ। ਇਨ੍ਹਾਂ ਤਿੰਨੋਂ ਯੂਨੀਵਰਸਿਟੀਆਂ ਦੀ ਪਿਛਲੇ ਸਾਲ ਵੀ ਇਹੀ ਪੁਜ਼ੀਸ਼ਨ ਸੀ। ਬਨਾਰਸ ਹਿੰਦੂ ਯੂਨੀਵਰਸਿਟੀ ਨੇ ਇਸ ਵਾਰ ਪੰਜਵਾਂ ਸਥਾਨ ਹਾਸਲ ਕੀਤਾ ਹੈ।