Flood in Punjab: ਪੰਜਾਬ ਵਿੱਚ ਹੜ੍ਹਾਂ ਦਾ ਪਾਣੀ ਹੌਲੀ-ਹੌਲੀ ਘਟਣਾ ਸ਼ੁਰੂ ਹੋ ਗਿਆ ਹੈ ਪਰ ਲੋਕਾਂ ਦੀਆਂ ਮੁਸੀਬਤਾਂ ਪਹਿਲਾਂ ਨਾਲੋਂ ਵੀ ਵੱਡੀਆਂ ਹੁੰਦੀਆਂ ਦਿਖਾਈ ਦੇ ਰਹੀਆਂ ਹਨ। ਜਿਵੇਂ-ਜਿਵੇਂ ਪਾਣੀ ਲਹਿ ਰਿਹਾ ਹੈ, ਹੇਠੋਂ ਹੋਸ਼ ਉਡਾ ਦੇਣ ਵਾਲਾ ਤਬਾਹੀ ਦਾ ਮੰਜਰ ਦਿਖਾਈ ਦੇਣ ਲੱਗਾ ਹੈ। ਇਸ ਭਿਆਨਕ ਦ੍ਰਿਸ਼ ਨੂੰ ਵੇਖ ਲੋਕ ਵੀ ਹੈਰਾਨ ਹਨ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਭ ਕੁਝ ਦੁਬਾਰਾ ਹੀ ਬਣਾਉਣਾ ਪਵੇਗਾ। ਫਸਲਾਂ, ਘਰ ਤੇ ਕਾਰੋਬਾਰ ਸਭ ਤਬਾਹ ਹੋ ਗਏ ਹਨ। ਹੜ੍ਹਾਂ ਦੌਰਾਨ ਤਾਂ ਸੰਸਥਾਵਾਂ ਨੇ ਰਾਸ਼ਨ-ਪਾਣੀ ਦੀ ਕਾਫੀ  ਸੇਵਾ ਕੀਤੀ ਪਰ ਹੁਣ ਉਨ੍ਹਾਂ ਨੂੰ ਸਰਕਾਰੀ ਮਦਦ ਦੀ ਲੋੜ ਹੈ।

Continues below advertisement

ਦਰਅਸਲ ਸਭ ਤੋਂ ਵੱਧ ਮਾਰ ਕਿਸਾਨਾਂ ਨੂੰ ਪਈ ਹੈ। ਇੱਕ ਤਾਂ ਇਸ ਸੀਜ਼ਨ ਦੀ ਫਸਲ ਤਬਾਹ ਹੋ ਗਈ, ਉੱਤੋਂ ਖੇਤਾਂ ਵਿੱਚ ਕਈ-ਕਈ ਫੁੱਟ ਰੇਤਾ ਭਰ ਗਿਆ ਹੈ। ਛੋਟੇ ਕਿਸਾਨਾਂ ਲਈ ਇਸ ਰੇਤੇ ਨੂੰ ਹਟਾਉਣਾ ਸੌਖਾ ਕੰਮ ਨਹੀਂ ਕਿਉਂਕਿ ਇਸ ਲਈ ਕਾਫੀ ਮਸ਼ੀਨਰੀ ਦੀ ਲੋੜ ਹੈ। ਕਿਸਾਨਾਂ ਨੂੰ ਇਹ ਵੀ ਡਰ ਹੈ ਕਿ ਜੇਕਰ ਰੇਤਾ ਸਮੇਂ ਸਿਰ ਨਾ ਹਟਾਇਆ ਜਾ ਸਕਿਆ ਤਾਂ ਅਗਲੀ ਫਸਲ ਵੀ ਨਹੀਂ ਬੀਜੀ ਜਾ ਸਕੇਗੀ। ਇਸ ਤੋਂ ਇਲਾਵਾ ਖੇਤਾਂ ਵਿੱਚ ਲੱਗੇ ਕਈ ਬੋਰ ਵੀ ਖਰਾਬ ਹੋ ਗਏ ਹਨ। ਇਸ ਲਈ ਦੁਬਾਰਾ ਬੋਰ ਲਵਾਉਣਾ ਵੀ ਕੋਈ ਸੌਖਾ ਕੰਮ ਨਹੀਂ। 

Continues below advertisement

ਇਸ ਤੋਂ ਕਈ ਕਿਸਾਨਾਂ ਦੇ ਖੇਤਾਂ ਵਿੱਚ ਡੂੰਘੇ ਟੋਏ ਪੈ ਗਏ ਹਨ ਜਿਨ੍ਹਾਂ ਵਿੱਚ ਪਾਣੀ ਭਰਿਆ ਹੋਇਆ ਹੈ। ਉਨ੍ਹਾਂ ਨੂੰ ਡਰ ਹੈ ਕਿ ਸ਼ਾਇਦ ਇਸ ਪਾਣੀ ਨੂੰ ਸੁੱਕਣ ਵਿੱਚ ਦੋ-ਤਿੰਨ ਮਹੀਨੇ ਲੱਗ ਜਾਣ। ਇਸ ਕਰਕੇ ਕਣਕ ਦੀ ਬਿਜਾਈ ਵੀ ਨਾ ਹੋਣ ਦਾ ਖਦਸ਼ਾ ਹੈ। ਕਈ ਕਿਸਾਨਾਂ ਦੀ ਜ਼ਮੀਨ ਦਰਿਆਵਾਂ ਦੇ ਵਹਾਅ ਵਿੱਚ ਆ ਗਈ ਹੈ। ਉਨ੍ਹਾਂ ਨੂੰ ਕੋਈ ਸਮਝ ਨਹੀਂ ਆ ਰਹੀ ਕਿ ਹੁਣ ਕੀ ਕੀਤਾ ਜਾਏ। ਇਸੇ ਤਰ੍ਹਾਂ ਕਿਸਾਨਾਂ ਦੇ ਘਰ, ਖਾਣ ਵਾਲੇ ਦਾਣੇ, ਬੀਜ ਤੇ ਮਸ਼ੀਨਰੀ ਵੀ ਨੁਕਸਾਨੀ ਗਈ ਹੈ। 

ਸੱਤਲੁਜ ਨੇ ਮਚਾਈ ਤਬਾਹੀ

ਹਾਸਲ ਰਿਪੋਰਟਾਂ ਮੁਤਾਬਕ ਸਤਲੁਜ ਦਰਿਆ ਵਿੱਚ ਆਏ ਹੜ੍ਹਾਂ ਨੇ ਹੁਸੈਨੀਵਾਲਾ ਸਰਹੱਦ ਦੇ ਪਿੰਡ ਵਾਸੀਆਂ 'ਤੇ ਡੂੰਘੇ ਜ਼ਖ਼ਮ ਛੱਡੇ ਹਨ। ਪਾਣੀ ਵਿੱਚ ਡੁੱਬਣ ਕਾਰਨ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ। ਪਿੰਡਾਂ ਦੀਆਂ ਸੜਕਾਂ ਟੁੱਟ ਗਈਆਂ ਹਨ। ਪਾਣੀ ਦੇ ਵਹਾਅ ਵਿੱਚ ਕਈ ਘਰ ਢਹਿ ਗਏ ਹਨ। ਘਰਾਂ ਦੇ ਅੰਦਰ ਚਿੱਕੜ ਭਰ ਗਿਆ ਹੈ। ਲੋਕ ਤਰਪਾਲਾਂ ਪਾ ਕੇ ਘਰਾਂ ਦੀਆਂ ਛੱਤਾਂ 'ਤੇ ਰਹਿਣ ਲਈ ਮਜਬੂਰ ਹਨ।

ਟੁੱਟੀਆਂ ਸੜਕਾਂ ਕਾਰਨ ਸੰਪਰਕ ਕੱਟਿਆ ਹੁਸੈਨੀਵਾਲਾ ਸਰਹੱਦ ਨਾਲ ਲੱਗਦੇ 17 ਪਿੰਡਾਂ ਵਿੱਚ ਪਾਣੀ ਘੱਟ ਗਿਆ ਹੈ। ਹੁਣ ਲੋਕਾਂ ਨੂੰ ਹੋਰ ਵੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਥਾਵਾਂ 'ਤੇ ਸੜਕਾਂ ਟੁੱਟ ਗਈਆਂ ਹਨ, ਕਈ ਪਿੰਡ ਇੱਕ ਦੂਜੇ ਤੋਂ ਕੱਟ ਗਏ ਹਨ। ਲੋਕਾਂ ਦੇ ਘਰ ਦੋ ਤੋਂ ਤਿੰਨ ਫੁੱਟ ਚਿੱਕੜ ਨਾਲ ਭਰ ਗਏ ਹਨ। ਅਜਿਹੀ ਸਥਿਤੀ ਵਿੱਚ ਲੋਕ ਘਰਾਂ ਦੀਆਂ ਛੱਤਾਂ 'ਤੇ ਤਰਪਾਲਾਂ ਪਾ ਕੇ ਰਹਿਣ ਲਈ ਮਜਬੂਰ ਹਨ। ਕਈ ਲੋਕਾਂ ਦੇ ਘਰ ਢਹਿ ਗਏ ਹਨ। ਉਹ ਪਿੰਡ ਵਿੱਚ ਸੁਰੱਖਿਅਤ ਥਾਵਾਂ 'ਤੇ ਤੰਬੂਆਂ ਵਿੱਚ ਰਹਿ ਰਹੇ ਹਨ। ਪਾਣੀ ਵਿੱਚ ਡੁੱਬੀ ਝੋਨੇ ਦੀ ਫਸਲ ਬੁਰੀ ਤਰ੍ਹਾਂ ਤਬਾਹ ਹੋ ਗਈ ਹੈ। ਬੀਐਸਐਫ ਦੇ ਬੰਕਰ ਪਾਣੀ ਵਿੱਚ ਤਬਾਹ ਹੋ ਗਏ ਹਨ।

ਟੁੱਟੀਆਂ ਸੜਕਾਂ, ਜਾਨਵਰ ਬਿਮਾਰ 

ਅੰਮ੍ਰਿਤਸਰ ਦੇ ਸਰਹੱਦੀ ਸੈਕਟਰ ਅਜਨਾਲਾ ਦਾ ਇਤਿਹਾਸਕ ਪਿੰਡ ਚਮਿਆਰੀ, ਕਦੇ ਆਜ਼ਾਦੀ ਘੁਲਾਟੀਆਂ ਦੀ ਬਹਾਦਰੀ ਤੇ ਲੋਕਾਂ ਦੇ ਸੰਘਰਸ਼ਾਂ ਵਿੱਚ ਆਪਣੀ ਮੋਹਰੀ ਭੂਮਿਕਾ ਲਈ ਜਾਣਿਆ ਜਾਂਦਾ ਸੀ। ਅੱਜ ਇਹ ਆਪਣੀ ਹੋਂਦ ਲਈ ਲੜ ਰਿਹਾ ਹੈ। ਪਿਛਲੇ ਕੁਝ ਦਿਨਾਂ ਵਿੱਚ ਰਾਵੀ ਦਰਿਆ ਦੇ ਭਿਆਨਕ ਰੂਪ ਤੇ ਮੋਹਲੇਧਾਰ ਬਾਰਸ਼ ਨੇ ਇਸ ਪਿੰਡ ਦੀ ਤਸਵੀਰ ਪੂਰੀ ਤਰ੍ਹਾਂ ਬਦਲ ਦਿੱਤੀ ਹੈ। ਰਾਵੀ ਦਾ ਪਾਣੀ ਹੁਣ ਘੱਟ ਗਿਆ ਹੈ ਪਰ ਇਹ ਆਪਣੇ ਪਿੱਛੇ ਤਬਾਹੀ ਦੇ ਡੂੰਘੇ ਨਿਸ਼ਾਨ ਛੱਡ ਗਿਆ ਹੈ। ਇਸ ਕਾਰਨ ਇੱਥੋਂ ਦੇ ਲੋਕ ਭਵਿੱਖ ਬਾਰੇ ਇੱਕ ਅਣਕਹੇ ਡਰ ਤੇ ਚਿੰਤਾ ਵਿੱਚ ਜੀ ਰਹੇ ਹਨ।

ਜਿਵੇਂ ਹੀ ਕੋਈ ਪਿੰਡ ਵਿੱਚ ਦਾਖਲ ਹੁੰਦਾ ਹੈ, ਹੜ੍ਹ ਦੀ ਭਿਆਨਕਤਾ ਦਾ ਦ੍ਰਿਸ਼ ਸਾਫ਼ ਦਿਖਾਈ ਦਿੰਦਾ ਹੈ। ਉਹ ਸੜਕਾਂ ਜੋ ਕਦੇ ਪਿੰਡ ਨੂੰ ਮੁੱਖ ਸੜਕਾਂ ਨਾਲ ਜੋੜਦੀਆਂ ਸਨ, ਹੁਣ ਟੋਇਆਂ ਤੇ ਤਰੇੜਾਂ ਨਾਲ ਭਰੀਆਂ ਹੋਈਆਂ ਹਨ। ਉਨ੍ਹਾਂ ਦਾ ਵਜੂਦ ਲਗਪਗ ਖਤਮ ਹੋ ਗਿਆ ਹੈ। ਹੁਣ ਪਿੰਡ ਦੀਆਂ ਗਲੀਆਂ ਵਿੱਚ ਪਾਣੀ ਦੀ ਬਜਾਏ ਗੋਡਿਆਂ ਤੱਕ ਮਿੱਟੀ ਜਮ੍ਹਾਂ ਹੈ। ਇਸ ਕਾਰਨ ਬੱਚਿਆਂ ਤੇ ਬਜ਼ੁਰਗਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਚਾਰੇ ਪਾਸੇ ਫੈਲੀ ਗੰਦਗੀ ਤੇ ਸੜਨ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ।