Sidhu Moosewala Murder : ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰਨ ਵਾਲੇ ਸ਼ੂਟਰ ਅੰਕਿਤ ਸਿਰਸਾ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ। ਸ਼ੂਟਰ ਅੰਕਿਤ ਸਿਰਸਾ ਨੂੰ ਉਸ ਦੇ ਸਾਥੀ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਰਹੱਸ 'ਚ ਵੱਡਾ ਖੁਲਾਸਾ ਹੋਇਆ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਸਿੱਧੂ ਨੂੰ ਗੋਲੀ ਮਾਰਨ ਵਾਲਾ ਅੰਕਿਤ ਸਿਰਸਾ ਉਹੀ ਸ਼ੂਟਰ ਹੈ।
ਜਿਸ ਨੇ ਸਿੱਧੂ ਨੂੰ ਨੇੜਿਓਂ ਗੋਲੀ ਮਾਰੀ ਸੀ। ਇਹ ਪ੍ਰਿਅਵਰਤ ਫੌਜੀ ਦੇ ਨਾਲ ਆਪਣੀ ਕਾਰ ਵਿੱਚ ਸਵਾਰ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫੌਜੀ ਤੇ ਅੰਕਿਤ ਇਕੱਠੇ ਭੱਜ ਗਏ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ, ਕਿਉਂਕਿ ਸਿੱਧੂ ਮੂਸੇਵਾਲਾ ਕਤਲ ਰਹੱਸ 'ਚ 6 ਸ਼ੂਟਰ ਸਾਹਮਣੇ ਆਏ ਹਨ।
ਇਸ ਤੋਂ ਪਹਿਲਾਂ ਲੁਧਿਆਣਾ ਪੁਲਿਸ ਵਲੋਂ ਬਲਦੇਵ ਚੌਧਰੀ ਤੋਂ ਹੋਈ ਪੁੱਛਗਿੱਛ ਦੌਰਾਨ ਮੁਲਜ਼ਮ ਬਾਰੇ ਪਤਾ ਲੱਗਾ, ਜਿਸ ਦਿਨ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਨਾ ਸੀ । ਉਸ ਦਿਨ ਇਹ ਖਬਰ ਲੀਕ ਹੋ ਗਈ ਤੇ ਮੁਲਜ਼ਮ ਆਪਣੀ ਰਿਹਾਇਸ਼ ਤੋਂ ਫਰਾਰ ਹੋ ਗਿਆ ,ਪਰ ਪੁਲਿਸ ਵੱਲੋਂ ਇਨ੍ਹਾਂ ਮੁਲਜ਼ਮਾਂ ਵਲੋਂ ਵਰਤੀ ਗੱਡੀ ਦੀ ਤਫਤੀਸ਼ ਤੋਂ ਬਾਅਦ ਇਹ ਮੁਲਜ਼ਮ ਪੁਲਿਸ ਦੀ ਗ੍ਰਿਫਤ 'ਚ ਬੀਤੇ ਦਿਨ ਆ ਗਿਆ, ਜਿਸ ਨੂੰ ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਕਾਬੂ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਡਾਕਟਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਸਿੱਧੂ ਮੁਸੇਵਾਲਾ ਕਤਲ ਮਾਮਲੇ 'ਚ ਉਨ੍ਹਾਂ ਨੂੰ ਹਥਿਆਰਾਂ ਦੀ ਸਪਲਾਈ ਨੂੰ ਲੈਕੇ ਇਕ ਲਿੰਕ ਮਿਲਿਆ ਸੀ ਜਿਸ ਵਿੱਚ ਉਨ੍ਹਾਂ ਨੇ ਬੀਤੇ ਦਿਨੀਂ ਬਲਦੇਵ ਚੌਧਰੀ ਨਾਮ ਦੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਸੀ।
ਉਸ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੂੰ 2 ਹਥਿਆਰ ਵੀ ਮਿਲੇ ਸਨ ਇਸੇ ਮਾਮਲੇ 'ਚ ਸਤਬੀਰ ਨਾਂ ਦੇ ਮੁਲਜ਼ਮ ਨੂੰ ਉਨ੍ਹਾਂ ਨੇ ਗ੍ਰਿਫਤਾਰ ਕੀਤਾ । ਉਨ੍ਹਾਂ ਦੱਸਿਆ ਕਿ ਇਹ ਅਜਨਾਲਾ ਦਾ ਰਹਿਣ ਵਾਲਾ ਹੈ ਤੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਬਠਿੰਡਾ ਨੇੜੇ ਇਕ ਪੈਟਰੋਲ ਪੰਪ ਤੇ ਇਨ੍ਹਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਹਥਿਆਰਾਂ ਦਾ ਇਕ ਬੈਗ ਵੀ ਉੱਥੇ ਸਪਲਾਈ ਕੀਤਾ ਅਤੇ ਪੁਲਿਸ ਨੂੰ ਇਸ ਗੱਲ ਦਾ ਸ਼ਕ ਹੈ ਕਿ ਕਤਲ ਮਾਮਲੇ 'ਚ ਸ਼ਾਮਲ ਸ਼ਾਰਪ ਸ਼ੂਟਰ ਨੂੰ ਇਹ ਹਥਿਆਰ ਦਿੱਤੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਦੇ ਕੈਨੇਡਾ ਬੈਠੇ ਗੋਲਡੀ ਬਰਾੜ ਨਾਲ ਵੀ ਲਿੰਕ ਹਨ।