Khadoor Sahib Lok Sabha Election: ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਆਮ ਲੋਕ ਵੀ ਖੁੱਲ੍ਹ ਕੇ ਸਾਹਮਣੇ ਆਉਣ ਲੱਗੇ ਹਨ। ਭਾਈ ਅੰਮ੍ਰਿਤਪਾਲ ਸਿੰਘ ਉਪਰ ਐਨਐਸਏ ਲਾ ਕੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜਣ ਮਗਰੋਂ ਉਨ੍ਹਾਂ ਦੇ ਕਈ ਹਮਾਇਤੀ ਵੀ ਨਿਰਾਸ਼ ਹੋ ਕੇ ਘਰ ਬੈਠ ਗਏ ਸੀ ਪਰ ਚੋਣ ਲੜਨ ਕਰਕੇ ਲੋਕ ਮੁੜ ਉਨ੍ਹਾਂ ਦੇ ਹੱਕ ਵਿੱਚ ਨਿੱਤਰ ਆਏ ਹਨ। ਹੁਣ ਤਾਂ ਹਾਲਾਤ ਇਹ ਬਣ ਗਏ ਹਨ ਕਿ ਆਮ ਦੁਕਾਨਦਾਰ ਵੀ ਖੁੱਲ੍ਹ ਕੇ ਅੰਮ੍ਰਿਤਪਾਲ ਸਿੰਘ ਦੀ ਹਮਾਇਤ ਕਰਨ ਲੱਗੇ ਹਨ।
ਦਰਅਸਲ ਸੋਮਵਾਰ ਨੂੰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੀ ਅਗਵਾਈ ਹੇਠ ਰੋਡ ਸ਼ੋਅ ਕੀਤਾ ਗਿਆ। ‘ਵਾਰਿਸ ਪੰਜਾਬ ਦੇ’ ਮੁਖੀ ਤੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਦੇ ਰੋਡ ਸ਼ੋਅ ਵਿੱਚ ਕਾਫ਼ੀ ਗਿਣਤੀ ਲੋਕ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਅੰਮ੍ਰਿਤਪਾਲ ਸਿੰਘ ਨੂੰ ਜਿਤਾਉਣ ਦਾ ਅਹਿਦ ਵੀ ਲਿਆ।
ਇਸ ਮੌਕੇ ਦੁਕਾਨਦਾਰ ਯੂਨੀਅਨ ਤਰਨ ਤਾਰਨ ਦੇ ਪ੍ਰਧਾਨ ਗੁਰਿੰਦਰ ਸਿੰਘ ਲਾਡੀ ਦੀ ਅਗਵਾਈ ਹੇਠ ਦੁਕਾਨਦਾਰਾਂ ਤੇ ਬੀਰ ਖ਼ਾਲਸਾ ਗਰੁੱਪ ਦੇ ਮੁਖੀ ਕੰਵਲਜੀਤ ਸਿੰਘ ਵੱਲੋਂ ਬਾਪੂ ਤਰਸੇਮ ਸਿੰਘ ਨੂੰ ਲੱਡੂਆਂ ਨਾਲ ਤੋਲਿਆ ਗਿਆ। ਇਸ ਮੌਕੇ ਤਰਸੇਮ ਸਿੰਘ ਨੇ ਕਿਹਾ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਨਾਲ ਸਬੰਧਤ ਨੌਂ ਵਿਧਾਨ ਸਭਾ ਹਲਕਿਆਂ ਵਿੱਚੋਂ ਲੋਕਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਇੱਕ ਲਹਿਰ ਬਣਾ ਦਿੱਤੀ ਹੈ।
ਦਰਅਸਲ ਭਾਈ ਅੰਮ੍ਰਿਤਪਾਲ ਸਿੰਘ ਉਪਰ ਐਨਐਸਏ ਲਾ ਕੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨ ਵੀ ਫੜੇ ਗਏ ਸੀ। ਬੇਸ਼ੱਕ ਪੁਲਿਸ ਨੇ ਉਨ੍ਹਾਂ ਨੌਜਵਾਨਾਂ ਨੂੰ ਛੱਡ ਦਿੱਤਾ ਸੀ ਪਰ ਬਹੁਤ ਸਾਰੇ ਲੋਕ ਅੰਮ੍ਰਿਤਪਾਲ ਸਿੰਘ ਦੀ ਹਮਾਇਤ ਕਰਨ ਤੋਂ ਗੁਰੇਜ਼ ਕਰਨ ਲੱਗੇ ਸੀ। ਇਸ ਪਿੱਛੇ ਸੁਰੱਖਿਆ ਏਜੰਸੀਆਂ ਦਾ ਡਰ ਵੀ ਦੱਸਿਆ ਜਾ ਰਿਹਾ ਸੀ। ਪਰ ਹੁਣ ਹਾਲਾਤ ਮੁੜ ਬਦਲ ਰਹੇ ਹਨ।
ਦੱਸ ਦਈਏ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਆਉਣ ਨਾਲ ਖਡੂਰ ਸਾਹਿਬ ਦੀ ਚੋਣ ਲੜਾਈ ਬਹੁ-ਪੱਖੀ ਬਣ ਗਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਬਣਾਇਆ ਹੈ। ਆਮ ਆਦਮੀ ਪਾਰਟੀ ਨੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ 'ਤੇ ਆਪਣਾ ਦਾਅ ਖੇਡਿਆ ਹੈ। ਕਾਂਗਰਸ ਨੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੇ ਭਾਜਪਾ ਨੇ ਮਨਜੀਤ ਸਿੰਘ ਮੰਨਾ ਨੂੰ ਉਮੀਦਵਾਰ ਬਣਾਇਆ ਹੈ।