ਰਵਨੀਤ ਕੌਰ ਦੀ ਰਿਪੋਰਟ

ਚੰਡੀਗੜ੍ਹ: ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੀ ਪੰਜਾਬੀਆਂ ਨੂੰ ਗੱਦਾਰ ਕਹਿਣ ਵਾਲੀ ਟਿੱਪਣੀ 'ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਟਵੀਟ ਕਰਕੇ ਇਸ ਨੂੰ ਸ਼ਰਮਨਾਕ ਦੱਸਿਆ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਹੈ ਕਿ ਸਾਡੇ ਗੁਰੂ ਸਾਹਿਬ ਨੇ ਸਿਖਾਇਆ ਹੈ ਕਿ ਨਿਮਰਤਾ ਸਭ ਤੋਂ ਵੱਡਾ ਗੁਣ ਹੈ। ਹਾਰ ਨੂੰ ਆਤਮ ਨਿਰੀਖਣ ਦੇ ਸਬਕ ਵਜੋਂ ਲੈਣਾ ਚਾਹੀਦਾ ਹੈ।








ਉਨ੍ਹਾਂ ਨੇ ਤਨਜ਼ ਕੱਸਦੇ ਹੋਏ ਕਿਹਾ ਕਿ ਲੱਗਦਾ ਹੈ ਕਿ ਉਨ੍ਹਾਂ ਨੂੰ ਮਾਨਸਾ ਤੋਂ ਹੋਈ ਹਾਰ ਬਰਦਾਸ਼ ਨਹੀਂ ਹੋ ਰਹੀ। ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਦਿਲੋਂ ਵੋਟਾਂ ਪਾਈਆਂ ਹਨ ਪਰ ਲੋਕਾਂ ਨੂੰ ਗੱਦਾਰ ਦੱਸ ਰਹੇ ਹਨ ਜੋ ਕਿ ਬਹੁਤ ਸ਼ਰਮਨਾਕ ਗੱਲ ਹੈ।

ਜ਼ਿਕਰਯੋਗ ਹੈ ਕਿ ਕਾਂਗਰਸ ਲੀਡਰ ਤੇ ਗਾਇਕ ਸਿੱਧੂ ਮੂਸੇਵਾਲਾ ਨੇ ਚੋਣਾਂ ਵਿੱਚ ਹਾਰਨ ਮਗਰੋਂ ਸ਼੍ਰੋਮਣੀ ਅਕਾਲੀ ਦਲ (ਅ੍ਰੰਮਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਖੁੱਲ੍ਹ ਕੇ ਹਮਾਇਤ ਕੀਤੀ ਹੈ। ਸਿੱਧੂ ਮੂਸੇਵਾਲਾ ਨੇ ਵਿਧਾਨ ਸਭਾ ਚੋਣਾਂ ਵਿੱਚ ਸਿਮਰਨਜੀਤ ਸਿੰਘ ਮਾਨ ਨੂੰ ਹਰਾਉਣ ਵਾਲਿਆਂ ਨੂੰ ਗੱਦਾਰ ਕਿਹਾ ਹੈ।

ਕਾਂਗਰਸੀ ਲੀਡਰ ਸਿੱਧੂ ਮੂਸੇਵਾਲਾ ਨੇ ਆਪਣੇ ਨਵੇਂ ਗੀਤ ਵਿੱਚ ਪੰਜਾਬ ਦੇ ਉਨ੍ਹਾਂ ਲੋਕਾਂ ਨੂੰ ਗੱਦਾਰ ਕਿਹਾ ਹੈ ਜਿਨ੍ਹਾਂ ਨੇ ਚੋਣਾਂ ਵਿੱਚ ਸਿਮਰਨਜੀਤ ਸਿੰਘ ਮਾਨ ਨੂੰ ਵੀ ਹਰਾ ਦਿੱਤਾ। ਸਿੱਧੂ ਮੂਸੇਵਾਲਾ ਨੇ ਕਿਹਾ ਹੈ ਕਿ ਖਾਲਿਸਤਾਨੀ ਪੱਖੀ ਲੀਡਰ ਸਿਮਰਨਜੀਤ ਸਿੰਘ ਮਾਨ ਨੂੰ ਹਰਾਉਣ ਵਾਲੇ ਪੰਜਾਬ ਦੇ ਲੋਕ ਗੱਦਾਰ ਹਨ।