ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਤਿੱਖੀ ਨਿਖੇਧੀ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਾਅਵਾ ਕੀਤਾ ਕਿ ਚੰਦੂਮਾਜਰਾ ਦੇ ਕਾਰਜਕਾਲ ਵਿੱਚ ਵਿਕਾਸ ਪੱਖੋਂ ਕੋਈ ਡੱਕਾ ਤੱਕ ਨਹੀਂ ਤੋੜਿਆ ਗਿਆ। ਸਾਬਕਾ ਮੰਤਰੀ ਸਿੱਧੂ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਹੋਣ ਦੇ ਬਾਵਜੂਦ ਚੰਦੂਮਾਜਰਾ ਦੇ ਕਾਰਜਕਾਲ ਦੌਰਾਨ ਲੋਕ ਸਭਾ ਹਲਕਾ ਆਨੰਦਪੁਰ ਨੂੰ ਵਿਕਾਸ ਪੱਖੋਂ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ।



ਸਿੱਧੂ ਨੇ ‘ਆਪ’ ਉਮੀਦਵਾਰ ਮਾਲਵਿੰਦਰ ਕੰਗ ਦੀ ਵੀ ਨਿਖੇਧੀ ਕਰਦਿਆਂ ਕਿਹਾ ਕਿ ਕੰਗ ਕੋਲ ਆਮ ਆਦਮੀ ਪਾਰਟੀ ਦੇ ਨਾਂ ਕੋਈ ਪ੍ਰਾਪਤੀ ਨਹੀਂ ਹੈ। ਬਲਬੀਰ ਸਿੱਧੂ ਨੇ ਕਿਹਾ 'ਆਪ' ਸਰਕਾਰ ਨੇ ਪੰਜਾਬ ਨੂੰ ਵਿੱਤੀ ਐਮਰਜੈਂਸੀ ਦੇ ਕੰਢੇ 'ਤੇ ਪਹੁੰਚਾ ਦਿੱਤਾ ਹੈ, ਫਿਰ ਵੀ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਪੁਰਾਣੇ ਵਾਅਦਿਆਂ ਦੇ ਆਧਾਰ 'ਤੇ ਵੋਟਾਂ ਮੰਗਦੇ ਰਹਿੰਦੇ ਹਨ, ਜਿਵੇਂ ਕਿ ਔਰਤਾਂ ਨੂੰ 1000/- ਪ੍ਰਤੀ ਮਹੀਨਾ ਦੇਣਾ ਜੋ ਕਿ ਕਦੇ ਵੀ ਪੂਰਾ ਨਹੀਂ ਹੋਇਆ।

ਸਿੱਧੂ ਨੇ ਇਹ ਟਿੱਪਣੀਆਂ ਮੋਹਾਲੀ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕੀਤੀਆਂ, ਜਿੱਥੇ ਹਲਕਾ ਆਨੰਦਪੁਰ ਤੋਂ ਲੋਕ ਸਭਾ ਉਮੀਦਵਾਰ ਵਿਜੇ ਇੰਦਰ ਸਿੰਗਲਾ ਵੀ ਹਾਜ਼ਰ ਸਨ। ਸਿੰਗਲਾ ਨੇ ਇੰਡੀਆ ਅਲਾਇੰਸ 'ਤੇ ਭਰੋਸਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਨੇ ਦੇਸ਼ ਭਰ ਵਿੱਚ ਸਫਲਤਾਪੂਰਵਕ ਸਕਾਰਾਤਮਕ ਲਹਿਰ ਪੈਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕ ਮੌਜੂਦਾ ਸਰਕਾਰ ਦੇ ਝੂਠੇ ਵਾਅਦਿਆਂ ਅਤੇ ਤਾਨਾਸ਼ਾਹੀ ਰਵੱਈਏ ਤੋਂ ਅੱਕ ਚੁੱਕੇ ਹਨ।

ਬਲਬੀਰ ਸਿੰਘ ਸਿੱਧੂ ਨੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਦੇਸ਼ ਦੀਆਂ ਔਰਤਾਂ ਲਈ ਐਲਾਨੀਆਂ ਪੰਜ ਗਾਰੰਟੀਆਂ ਦੀ ਸ਼ਲਾਘਾ ਕੀਤੀ। ਸਿੱਧੂ ਨੇ ਕਿਹਾ ਕਿ ਇਹਨਾਂ ਪੰਜ 'ਨਾਰੀ ਨਿਆਏ ਗਾਰੰਟੀਆਂ' ਵਿੱਚ ਮਹਾਲਕਸ਼ਮੀ, ਆਧੀ ਅਬਾਦੀ-ਪੁਰਾ ਹੱਕ, ਸ਼ਕਤੀ ਕਾ ਸਨਮਾਨ, ਅਧਿਕਾਰ ਮੈਤਰੀ ਅਤੇ ਸਾਵਿਤਰੀਬਾਈ ਫੂਲੇ ਹੋਸਟਲ ਸਕੀਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਇਹ ਮੰਨਦੀ ਰਹੀ ਹੈ ਕਿ ਔਰਤਾਂ ਦੇ ਸਸ਼ਕਤੀਕਰਨ ਤੋਂ ਬਿਨਾਂ ਦੇਸ਼ ਤਰੱਕੀ ਨਹੀਂ ਕਰ ਸਕਦਾ। ਇਸ ਲਈ ਪਾਰਟੀ ਖਾਸ ਤੌਰ 'ਤੇ ਔਰਤਾਂ ਲਈ ਪੰਜ ਸ਼ਾਨਦਾਰ ਗਾਰੰਟੀਆਂ ਲੈ ਕੇ ਆਈ ਹੈ।

ਸਾਬਕਾ ਕੈਬਨਿਟ ਮੰਤਰੀ ਨੇ ਕਿਹਾ ਕਿ ਮਹਾਲਕਸ਼ਮੀ ਗਾਰੰਟੀ ਵਿੱਚ ਇੱਕ ਗਰੀਬ ਪਰਿਵਾਰ ਦੀ ਔਰਤ ਨੂੰ ਪ੍ਰਤੀ ਸਾਲ 1 ਲੱਖ ਰੁਪਏ ਪ੍ਰਦਾਨ ਕਰਨਾ ਸ਼ਾਮਲ ਹੈ। ਗਾਰੰਟੀ ਔਰਤਾਂ ਨੂੰ ਵਿੱਤੀ ਤੌਰ 'ਤੇ ਸੁਤੰਤਰ ਬਣਨ ਦੀ ਇਜਾਜ਼ਤ ਦੇਵੇਗੀ। ਇਸ ਤੋਂ ਇਲਾਵਾ, 'ਆਧੀ ਆਬਾਦੀ-ਪੂਰਾ ਹੱਕ' ਕੇਂਦਰ ਸਰਕਾਰ ਦੀਆਂ ਨਵੀਆਂ ਨਿਯੁਕਤੀਆਂ ਵਿੱਚ ਔਰਤਾਂ ਦੇ 50% ਹਿੱਸੇ/ਅਧਿਕਾਰ ਨੂੰ ਯਕੀਨੀ ਬਣਾਏਗਾ।

ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਹਾਲਤ ਨੂੰ ਮੁੜ ਸੁਰਜੀਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ 13 ਲੋਕ ਸਭਾ ਸੀਟਾਂ ਹਾਸਲ ਕਰਨ ਲਈ ਕਾਂਗਰਸ ਦਾ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਕੈਬਨਿਟ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਨਾਕਾਮ ਰਹਿਣ ਲਈ ਸਖਤ ਨਿਖੇਧੀ ਕਰਦਿਆਂ ਟਿੱਪਣੀ ਕੀਤੀ ਕਿ 'ਆਪ' ਦੀ ਸਥਿਤੀ ਉਥਲ-ਪੁਥਲ ਹੈ ਅਤੇ ਲੋਕਾਂ ਦਾ ਪਾਰਟੀ 'ਚੋਂ ਵਿਸ਼ਵਾਸ ਖਤਮ ਹੋ ਚੁੱਕਾ ਹੈ, ਜਿਸ ਦੀ ਪੁਸ਼ਟੀ ਛੇਤੀ ਹੀ ਹੋ ਜਾਵੇਗੀ। ਉਨ੍ਹਾਂ ਮੋਹਾਲੀ ਦੇ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਉਹ ਮੋਹਾਲੀ ਦੇ ਵਿਕਾਸ ਲਈ ਵਿਜੇ ਇੰਦਰ ਸਿੰਗਲਾ ਦਾ ਸਾਥ ਦੇਣ।