Sidhu Moose Wala Death: ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਦੇ ਇੱਕ ਸਥਾਨਕ ਨਿਵਾਸੀ ਨੇ ਦਾਅਵਾ ਕੀਤਾ ਹੈ ਕਿ ਗਾਇਕ ਹਮਲੇ ਤੋਂ ਬਾਅਦ ਵੀ ਕੁਝ ਮਿੰਟਾਂ ਲਈ ਜ਼ਿੰਦਾ ਸੀ। ਘਟਨਾ ਤੋਂ ਬਾਅਦ ਸਭ ਤੋਂ ਪਹਿਲਾਂ ਮੌਕੇ 'ਤੇ ਪਹੁੰਚੇ ਇੱਕ ਸਥਾਨਕ ਨਿਵਾਸੀ ਨੇ ਕਿਹਾ, "ਜੀਪ ਅੰਦਰੋਂ ਬੰਦ ਸੀ ਅਤੇ ਸਾਨੂੰ ਅੰਦਰ ਜਾਣ ਅਤੇ ਜ਼ਖ਼ਮੀ ਲੋਕਾਂ ਨੂੰ ਬਚਾਉਣ ਲਈ ਇਸ ਦੇ ਦਰਵਾਜ਼ੇ ਤੋੜਨੇ ਪਏ।"


ਪੰਜਾਬੀ ਦੇ ਫੇਮਸ ਗਾਇਕਾਂ ਚੋਂ ਇੱਕ 28 ਸਾਲਾ ਮੂਸੇਵਾਲਾ ਦੀ 29 ਮਈ ਨੂੰ ਉਸ ਵੇਲੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ, ਜਦੋਂ ਉਹ ਆਪਣੀ ਕਾਰ ਵਿੱਚ ਜਾ ਰਿਹਾ ਸੀ ਅਤੇ ਕਰੀਬ 10-12 ਹਮਲਾਵਰਾਂ ਨੇ 30 ਮਿੰਟ ਤੋਂ ਵੱਧ ਸਮੇਂ ਤੱਕ ਉਸ 'ਤੇ ਹਮਲਾ ਕਰਕੇ ਹੋਰ ਗੋਲੀਆਂ ਚਲਾਈਆਂ। ਸਥਾਨਕ ਲੋਕਾਂ ਨੇ ਦਾਅਵਾ ਕੀਤਾ ਕਿ ਜਦੋਂ ਦਰਵਾਜ਼ੇ ਤੋੜੇ ਤਾਂ ਸਿੱਧੂ ਸਾਹ ਲੈ ਰਿਹਾ ਸੀ।


ਉਨ੍ਹਾਂ ਕਿਹਾ ਕਿ, "ਹਾਲਾਂਕਿ ਉਹ ਬੁਰੀ ਤਰ੍ਹਾਂ ਜ਼ਖਮੀ ਸੀ, ਪਰ ਉਸ ਸਮੇਂ ਤੱਕ ਉਸ ਦਾ ਦਿਲ ਧੜਕ ਰਿਹਾ ਸੀ। ਸਾਨੂੰ ਇਸ ਦਾ ਅਹਿਸਾਸ ਹੋਇਆ।" ਉਸ ਨੂੰ ਹਸਪਤਾਲ ਲਿਜਾਣ ਲਈ ਤੁਰੰਤ ਕੋਈ ਵਾਹਨ ਨਹੀਂ ਮਿਲਿਆ ਅਤੇ ਦੇਰ ਲੱਗ ਗਈ ਜਦੋਂ ਤੱਕ ਇੱਕ ਲੰਘਦੀ ਕਾਰ ਨੂੰ ਰੋਕ ਕੇ ਮੂਸੇਵਾਲਾ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


ਸਿੱਧੂ ਦੇ ਦੋਸਤ ਗੁਰਵਿੰਦਰ ਅਤੇ ਗੁਰਪ੍ਰੀਤ ਸਿੰਘ ਅਜੇ ਵੀ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖਲ ਹਨ। ਹਮਲਾਵਰ ਦੋ ਕਾਰਾਂ ਵਿੱਚ ਆਏ, ਜਿਨ੍ਹਾਂ ਚੋਂ ਇੱਕ ਨੇ ਮੂਸੇਵਾਲਾ ਦੀ ਜੀਪ ਦਾ ਰਸਤਾ ਰੋਕਿਆ, ਜਦੋਂ ਕਿ ਦੂਜੀ ਕਾਰ ਨੇ ਪਿੱਛੇ ਤੋਂ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕੁਝ ਹੀ ਸਕਿੰਟਾਂ ਵਿੱਚ ਹੀ ਉਸਦੀ ਜੀਪ ਨੂੰ ਤਿੰਨ ਪਾਸਿਓਂ ਹਮਲਾਵਰਾਂ ਨੇ ਘੇਰ ਲਿਆ ਅਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ।


ਸਿੱਧੂ ਦੀ ਪੋਸਟਮਾਰਟਮ ਰਿਪੋਰਟ 'ਚ ਉਸ ਦੇ ਸਰੀਰ 'ਤੇ 24 ਗੋਲੀਆਂ ਦੇ ਜ਼ਖ਼ਮ ਹੋਣ ਦਾ ਖੁਲਾਸਾ ਹੋਇਆ ਹੈ। ਪੁਲਿਸ ਦੇ ਇੱਕ ਸੂਤਰ ਨੇ ਦੱਸਿਆ ਕਿ ਦੋ ਮਿੰਟ ਤੋਂ ਵੀ ਘੱਟ ਸਮੇਂ ਵਿੱਚ 30 ਰਾਉਂਡ ਫਾਇਰਿੰਗ ਕੀਤੀ ਗਈ, ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਸੂਤਰਾਂ ਨੇ ਦੱਸਿਆ ਕਿ ਮ੍ਰਿਤਕ ਗਾਇਕ ਨੇ ਜਵਾਬੀ ਕਾਰਵਾਈ ਵਿੱਚ ਦੋ ਗੋਲੀਆਂ ਵੀ ਚਲਾਈਆਂ ਸੀ। ਹਮਲਾਵਰਾਂ ਕੋਲ ਅਤਿ-ਆਧੁਨਿਕ ਅਸਾਲਟ ਰਾਈਫਲਾਂ ਹੋਣ ਦੀ ਸੰਭਾਵਨਾ ਹੈ।


1994 ਦਾ ਇੱਕ ਅਵੋਮੈਟ ਨਿਕੋਨੋਵਾ ਮਾਡਲ, ਜਿਸਨੂੰ ਆਮ ਤੌਰ 'ਤੇ AN-94 ਰਸ਼ੀਅਨ ਅਸਾਲਟ ਰਾਈਫਲ ਕਿਹਾ ਜਾਂਦਾ ਹੈ, ਹਮਲਾਵਰਾਂ ਵਲੋਂ ਵਰਤਿਆ ਗਿਆ ਸੀ। ਘਟਨਾ ਸਥਾਨ ਤੋਂ ਕਰੀਬ 200 ਮੀਟਰ ਦੂਰ ਕੁਝ ਘਰਾਂ ਦੀਆਂ ਕੰਧਾਂ 'ਤੇ ਗੋਲੀਆਂ ਦੇ ਨਿਸ਼ਾਨ ਵੀ ਮਿਲੇ ਹਨ।


ਜਾਂਚ ਪੁਆਇੰਟ ਤੋਂ ਪੁਲਿਸ ਨੇ ਹੁਣ ਤੱਕ ਇੱਕ ਵਿਅਕਤੀ, ਜਿਸ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਮੰਨਾ ਢੈਪੀ ਵਜੋਂ ਹੋਈ ਹੈ ਅਤੇ ਦੋ ਗੈਂਗਸਟਰਾਂ ਨੂੰ ਬਠਿੰਡਾ ਅਤੇ ਫਿਰੋਜ਼ਪੁਰ ਜੇਲ੍ਹਾਂ ਤੋਂ ਪ੍ਰੋਡਕਸ਼ਨ ਵਾਰੰਟਾਂ 'ਤੇ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮੰਨਾ ਨੇ ਕਥਿਤ ਤੌਰ 'ਤੇ ਹਮਲਾਵਰਾਂ ਨੂੰ ਲੌਜਿਸਟਿਕ ਮਦਦ ਕੀਤੀ ਸੀ। ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਭੂਮਿਕਾ ਵੀ ਜਾਂਚ ਅਧੀਨ ਹੈ ਅਤੇ ਮਾਨਸਾ ਪੁਲਿਸ ਉਸ ਨੂੰ ਵੀ ਜਾਂਚ ਵਿੱਚ ਸ਼ਾਮਲ ਕਰੇਗੀ।


ਇਹ ਵੀ ਪੜ੍ਹੋ: ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਮੋਰਿੰਡਾ ਵਿਖੇ ਰੇਲਵੇ ਅੰਡਰ ਬ੍ਰਿਜ ਦਾ ਕੀਤਾ ਉਦਘਾਟਨ