ਸ਼ੰਕਰ ਦਾਸ ਦੀ ਰਿਪੋਰਟ


ਚੰਡੀਗੜ੍ਹ: ਮਹਰੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਸਚਿਨ ਥਾਪਨ ਨੂੰ ਅਜ਼ਰਬਾਈਜਾਨ ‘ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਗੈਂਗਸਟਰ ਲਾਰੈਂਸ ਦੇ ਭਰਾ ਅਨਮੋਲ ਦੀ ਲੋਕੇਸ਼ਨ ਵੀ ਕੀਨੀਆ ਵਿੱਚ ਮਿਲੀ ਹੈ। ਇਹ ਦੋਵੇਂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਹੀ ਫਰਜ਼ੀ ਪਾਸਪੋਰਟਾਂ 'ਤੇ ਭਾਰਤ ਛੱਡ ਕੇ ਵਿਦੇਸ਼ ਭੱਜ ਗਏ ਸਨ। ਇਸ ਦਾ ਪਤਾ ਲੱਗਦਿਆਂ ਹੀ ਪੰਜਾਬ ਪੁਲਿਸ ਨੇ ਕੇਂਦਰੀ ਵਿਦੇਸ਼ ਮੰਤਰਾਲੇ ਨਾਲ ਮਿਲ ਕੇ ਸਚਿਨ ਨੂੰ ਭਾਰਤ ਲਿਆਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।




ਸੂਤਰਾਂ ਮੁਤਾਬਕ ਸਚਿਨ ਨੂੰ ਫਰਜ਼ੀ ਪਾਸਪੋਰਟ ਜ਼ਰੀਏ ਅਜ਼ਰਬਾਈਜਾਨ ਪਹੁੰਚਣ 'ਤੇ ਕਰੀਬ ਇਕ ਮਹੀਨਾ ਪਹਿਲਾਂ ਫੜਿਆ ਗਿਆ ਸੀ ਜਿਸ ਦੀ ਜਾਣਕਾਰੀ ਕੁਝ ਦਿਨ ਪਹਿਲਾਂ ਕੇਂਦਰੀ ਵਿਦੇਸ਼ ਮੰਤਰਾਲੇ ਨੂੰ ਦਿੱਤੀ ਗਈ ਸੀ। ਇਹ ਪਤਾ ਲੱਗਣ ਤੋਂ ਤੁਰੰਤ ਬਾਅਦ ਵਿਦੇਸ਼ ਮੰਤਰਾਲੇ ਨੇ ਪੰਜਾਬ ਪੁਲਿਸ ਤੋਂ ਸਚਿਨ ਥਾਪਨ ਦਾ ਪੂਰਾ ਕ੍ਰਿਮੀਨਲ ਰਿਕਾਰਡ ਮੰਗਿਆ ਹੈ। ਗ੍ਰਿਫਤਾਰੀ ਵਾਰੰਟ ਦੇ ਨਾਲ-ਨਾਲ ਸਿੱਧੂ ਮੂਸੇਵਾਲਾ ਦੀ ਇਸ ਮਾਮਲੇ 'ਚ ਭੂਮਿਕਾ ਬਾਰੇ ਵੀ ਰਿਪੋਰਟ ਮੰਗੀ ਗਈ ਹੈ। ਉਸ ਨੂੰ ਅਜ਼ਰਬਾਈਜਾਨ ਤੋਂ ਭਾਰਤ ਹਵਾਲੇ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾ ਰਿਹਾ ਹੈ।


ਪੰਜਾਬ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲਾਰੈਂਸ ਤੇ ਗੋਲਡੀ ਬਰਾੜ ਦੇ ਨਾਲ ਸਚਿਨ ਥਾਪਨ ਅਤੇ ਅਨਮੋਲ ਵੀ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਹਨ। ਮੂਸੇਵਾਲਾ ਨੂੰ ਕਤਲ ਕਰਨ ਤੋਂ ਪਹਿਲਾਂ ਲਾਰੈਂਸ ਨੇ ਉਨ੍ਹਾਂ ਦੇ ਨਕਲੀ ਪਾਸਪੋਰਟ ਬਣਾਏ ਸਨ। ਜਿਸ ਦੇ ਆਧਾਰ 'ਤੇ ਉਨ੍ਹਾਂ ਨੂੰ ਬਾਹਰ ਭੇਜ ਦਿੱਤਾ ਗਿਆ। ਇਸ ਤੋਂ ਬਾਅਦ 29 ਮਈ ਨੂੰ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਗਈ ਸੀ। ਸਚਿਨ ਥਾਪਨ ਨੇ ਬਾਅਦ ਵਿੱਚ ਇੱਕ ਟੀਵੀ ਚੈਨਲ ਨੂੰ ਫੋਨ ਕਰਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ।

ਦੱਸ ਦੇਈਏ ਕਿ 29 ਮਈ 2022 ਦਿਨ ਐਤਵਾਰ ਨੂੰ ਦੁਪਹਿਰ ਬਾਅਦ ਮਾਨਸਾ ਜ਼ਿਲ੍ਹੇ ਦੇ ਆਪਣੇ ਪਿੰਡ ਮੂਸਾ ਤੋਂ ਸਿੱਧੂ ਮੂਸੇਵਾਲਾ ਨਿਕਲੇ ਹੀ ਸਨ ਕਿ ਕੁਝ ਦੂਰ ਜਾਂਦਿਆਂ ਹੀ ਪਿੰਡ ਜਵਾਹਰਕੇ ਵਿੱਚ ਉਨ੍ਹਾਂ ਦੀ ਥਾਰ ਗੱਡੀ ਨੂੰ ਘੇਰ ਲਿਆ ਗਿਆ। ਅਣਪਛਾਤੇ ਹਮਲਾਵਰਾਂ ਨੇ ਘੇਰ ਕੇ ਕਈ ਰਾਊਂਡ ਫਾਇਰਿੰਗ ਕੀਤੇ। ਇਸ ਘਟਨਾ ਵਿੱਚ ਮੂਸੇਵਾਲਾ ਨੂੰ ਕਈ ਗੋਲੀਆਂ ਲੱਗੀਆਂ ਪਰ ਹਸਤਪਾਲ ਪਹੁੰਚਣ ਤੋਂ ਪਹਿਲਾਂ ਹੀ ਮੂਸੇਵਾਲਾ ਦੀ ਮੌਤ ਹੋ ਚੁੱਕੀ ਸੀ।

ਲਾਰੈਂਸ ਨੇ ਤਿਹਾੜ ਜੇਲ੍ਹ ਵਿੱਚ ਬੈਠ ਕੇ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਇਸ ਤੋਂ ਬਾਅਦ ਅਨਮੋਲ ਅਤੇ ਸਚਿਨ ਨੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨਾਲ ਮਿਲ ਕੇ ਸਾਰੀ ਸਾਜ਼ਿਸ਼ ਨੂੰ ਅੰਜਾਮ ਦਿੱਤਾ। ਉਨ੍ਹਾਂ ਨੇ ਮੂਸੇਵਾਲਾ ਦੀ ਰੇਕੀ ਕਰਵਾਈ। ਫਿਰ ਉਨ੍ਹਾਂ ਲਈ ਸ਼ੂਟਰਾਂ ਅਤੇ ਹਥਿਆਰਾਂ ਦਾ ਇੰਤਜ਼ਾਮ ਕੀਤਾ ਗਿਆ। ਲਾਰੇਂਸ ਦੀ ਕੋਸ਼ਿਸ਼ ਸੀ ਕਿ ਸਚਿਨ ਅਤੇ ਅਨਮੋਲ ਮੂਸੇਵਾਲਾ ਦਾ ਕਤਲ ਕਰਵਾਏ ਪਰ ਉਸ ਤੋਂ ਬਾਅਦ ਇਸ ਮਾਮਲੇ ਵਿਚ ਉਨ੍ਹਾਂ ਦਾ ਨਾਂ ਨਾ ਆਵੇ ਅਤੇ ਨਾ ਹੀ ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਕਰੇ।