ਲੁਧਿਆਣਾ : ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਬਲਦੇਵ ਚੌਧਰੀ ਨੂੰ ਹਥਿਆਰ ਸਪਲਾਈ ਕਰਨ ਵਾਲੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਆਈਏ 2 ਦੀ ਟੀਮ ਜਾਂਚ ਕਰ ਰਹੀ ਸੀ ਕਿ ਬਲਦੇਵ ਚੌਧਰੀ ਕੋਲ ਹਥਿਆਰ ਕਿੱਥੋਂ ਪਹੁੰਚੇ, ਜਿਸ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮ ਦੀ ਪਛਾਣ ਪਟਿਆਲਾ ਦੇ ਭਾਦਸੋਂ ਇਲਾਕੇ ਦੇ ਰਹਿਣ ਵਾਲੇ ਜਸਕਰਨ ਸਿੰਘ ਉਰਫ਼ ਕਰਨ ਵਜੋਂ ਹੋਈ ਹੈ। 


 

ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਵਿੱਚ ਜੁਟੀ ਹੈ। ਸੀਆਈਏ 2 ਦੇ ਇੰਚਾਰਜ ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਪੁਲੀਸ ਨੇ ਬਲਦੇਵ ਚੌਧਰੀ ਉਰਫ਼ ਬੱਲੂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਨੇ ਉਸ ਦੇ ਕਬਜ਼ੇ ਵਿੱਚੋਂ ਹਥਿਆਰ ਬਰਾਮਦ ਕੀਤੇ ਹਨ ਅਤੇ ਉਸ ਦੇ ਇੱਕ ਸਾਥੀ ਅੰਕਿਤ ਸ਼ਰਮਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਅਤੇ ਜਮਾਤੀ ਹੈ। ਇਸ ਤੋਂ ਬਾਅਦ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਕਿ ਮੁਲਜ਼ਮਾਂ ਕੋਲ ਹਥਿਆਰ ਕਿੱਥੋਂ ਆਏ। ਜਾਂਚ ਵਿੱਚ ਸਾਹਮਣੇ ਆਇਆ ਕਿ ਅਸਲਾ ਮੁਲਜ਼ਮ ਬਲਦੇਵ ਚੌਧਰੀ ਨੂੰ ਪਟਿਆਲਾ ਦੇ ਰਹਿਣ ਵਾਲੇ ਜਸਕਰਨ ਨੇ ਦਿੱਤਾ ਸੀ। 

 

ਜਸਕਰਨ ਕਬੱਡੀ ਦਾ ਚੰਗਾ ਖਿਡਾਰੀ ਰਿਹਾ ਹੈ। ਉਸ ਨੂੰ ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਬਰਾੜ ਵੱਲੋਂ ਬਲਦੇਵ ਚੌਧਰੀ ਨੂੰ ਹਥਿਆਰ ਪਹੁੰਚਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਪੁਲੀਸ ਅਨੁਸਾਰ ਮੁਲਜ਼ਮ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਦੋਸ਼ੀ ਗੋਲਡੀ ਬਰਾੜ ਦੇ ਸੰਪਰਕ ਵਿਚ ਕਿਵੇਂ ਆਏ ਅਤੇ ਬਲਦੇਵ ਚੌਧਰੀ ਅਤੇ ਉਹ ਹਥਿਆਰ ਸਪਲਾਈ ਕਰਨ ਲਈ ਇਕ ਦੂਜੇ ਦੇ ਸੰਪਰਕ ਵਿਚ ਕਿਵੇਂ ਆਏ।