ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਆਰੋਪੀ ਗੈਂਗਸਟਰ ਦੀਪਕ ਟੀਨੂੰ ਦੇ ਪੁਲਿਸ ਹਿਰਾਸਤ 'ਚੋਂ ਫਰਾਰ ਹੋਣ ਨੂੰ ਲੈ ਕੇ ਪੰਜਾਬ ਪੁਲਿਸ 'ਤੇ ਲਗਾਤਾਰ ਸਵਾਲ ਉੱਠ ਰਹੇ ਹਨ। ਸਿੱਧੂ ਮੂਸੇਵਾਲੇ ਦੇ ਮਾਪਿਆਂ ਨੇ ਪ੍ਰੈੱਸ ਕਾਨਫਰੰਸ ਕਰਕੇ ਪੰਜਾਬ ਪੁਲਿਸ ਅਤੇ ਭਗਵੰਤ ਮਾਨ ਸਰਕਾਰ ਖਿਲਾਫ਼ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਹੈ ਕਿ ਦੀਪਕ ਟੀਨੂੰ ਨੂੰ ਪੁਲਿਸ ਦੀ ਮਿਲੀਭੁਗਤ ਨਾਲ ਫ਼ਰਾਰ ਕਰਨਾ ਉਨ੍ਹਾਂ ਦੇ ਦਿਲ ਨੂੰ ਠੇਸ ਪਹੁੰਚੀ ਹੈ। 



 

ਉਥੇ ਹੀ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਉੱਚ ਅਧਿਕਾਰੀਆਂ ਤੋਂ ਜਾਂਚ ਹੋਣੀ ਚਾਹੀਦੀ ਹੈ , ਤਾਂਕਿ ਜੋ ਵੀ ਹੋਰ ਵੀ ਇਸ ਮਾਮਲੇ 'ਚ ਜੁੜਿਆ ਹੋਇਆ ਹੈ , ਉਸ 'ਤੇ ਵੀ ਸਖ਼ਤ ਕਾਰਵਾਈ ਕੀਤੀ ਜਾਵੇ।  ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਮਾਨਸਾ ਪੁਲਿਸ 'ਤੇ ਭਰੋਸਾ ਨਹੀਂ ਰਿਹਾ, ਉਨ੍ਹਾਂ ਡੀ.ਜੀ.ਪੀ.ਪੰਜਾਬ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। 

 

ਦੱਸ ਦੇਈਏ ਕਿ ਦੀਪਕ ਟੀਨੂੰ ਐਤਵਾਰ ਸਵੇਰੇ ਮਾਨਸਾ ਪੁਲਿਸ ਦੀ ਸੀਆਈਏ ਯੂਨਿਟ ਦੀ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਸੀ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਮਾਨਸਾ ਸੀਆਈਏ ਯੂਨਿਟ ਦੇ ਇੰਚਾਰਜ ਸਬ-ਇੰਸਪੈਕਟਰ ਪ੍ਰੀਤਪਾਲ ਸਿੰਘ ਨੂੰ ਬਰਖਾਸਤ ਕਰ ਦਿੱਤਾ ਸੀ। ਪ੍ਰੀਤਪਾਲ ਸਿੰਘ ਮੂਸੇਵਾਲਾ ਕਤਲ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਵੀ ਮੈਂਬਰ ਸੀ।

 

ਪ੍ਰੀਤਪਾਲ ਅਤੇ ਟੀਨੂੰ ਖ਼ਿਲਾਫ਼ ਥਾਣਾ ਸਿਟੀ-1 ਮਾਨਸਾ ਵਿਖੇ ਆਈਪੀਸੀ ਦੀ ਧਾਰਾ 222, 224, 225ਏ ਅਤੇ 120ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਹਿਰਾਸਤ 'ਚੋਂ ਫਰਾਰ ਹੋਣ ਦੇ ਕਰੀਬ 48 ਘੰਟੇ ਬਾਅਦ ਵੀ ਪੰਜਾਬ ਪੁਲਿਸ ਦੇ ਹੱਥ ਖਾਲੀ ਹਨ। ਇਸ ਦੇ ਨਾਲ ਹੀ ਐਸਆਈ ਪ੍ਰੀਤਪਾਲ ਸਿੰਘ ਨੂੰ ਪੰਜ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।

 

ਇਸ ਮਾਮਲੇ ਵਿੱਚ ਦਰਜ ਐਫਆਈਆਰ ਵਿੱਚ ਐਸਆਈ ਪ੍ਰੀਤਪਾਲ ਸਿੰਘ ਇੱਕ ਕਤਲ ਕੇਸ ਵਿੱਚ ਗੈਂਗਸਟਰ ਟੀਨੂੰ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਸੀਆਈਏ ਥਾਣੇ 'ਚੋ ਲੈ ਗਿਆ ਸੀ, ਜਿਸ ਦੌਰਾਨ ਗੈਂਗਸਟਰ ਉਸ ਦੀ ਹਿਰਾਸਤ ਵਿੱਚੋਂ ਫਰਾਰ ਹੋ ਗਿਆ। ਇਹ ਵੀ ਦੋਸ਼ ਹੈ ਕਿ ਮੁਲਜ਼ਮ ਇੱਕ ਸਾਜ਼ਿਸ਼ ਤਹਿਤ ਐਸਆਈ ਪ੍ਰੀਤਪਾਲ ਸਿੰਘ ਦੀ ਹਿਰਾਸਤ ਵਿੱਚੋਂ ਫਰਾਰ ਹੋ ਗਿਆ। ਸੀਆਈਏ ਇੰਚਾਰਜ ਉਸ ਨੂੰ ਆਪਣੀ ਨਿੱਜੀ ਗੱਡੀ ਵਿੱਚ ਇਕੱਲਾ ਲੈ ਗਿਆ ਸੀ।

 

ਦੀਪਕ ਟੀਨੂੰ 'ਤੇ 35 ਤੋਂ ਵੱਧ ਕੇਸ ਦਰਜ 


ਮਾਨਸਾ ਪੁਲੀਸ 27 ਸਤੰਬਰ ਨੂੰ ਇੱਕ ਕਤਲ ਕੇਸ ਵਿੱਚ ਟੀਨੂੰ ਨੂੰ ਤਰਨਤਾਰਨ ਜ਼ਿਲ੍ਹੇ ਦੀ ਗੋਇੰਦਵਾਲ ਸਾਹਿਬ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਈ ਸੀ। ਟੀਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ ਅਤੇ ਦਿੱਲੀ ਵਿੱਚ ਕਤਲ ਸਮੇਤ 35 ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ।