Balkaur Singh: ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਸੁਪਰ ਸਟਾਰ ਗਾਇਕ ਸਿੱਧੂ ਮਸੂੇਵਾਲਾ ਭਾਵੇਂ ਇਸ ਜਹਾਨੋਂ ਤੁਰ ਗਿਆ ਹੈ, ਪਰ ਉਸਦੇ ਚਾਹੁਣ ਵਾਲਿਆਂ ਦੇ ਵਿੱਚ ਕਮੀ ਨਹੀਂ ਆਈ ਸਗੋਂ ਵਾਧਾ ਹੀ ਹੋ ਰਿਹਾ ਹੈ। ਦੂਜੇ ਪਾਸੇ ਮਾਪੇ ਅਤੇ ਫੈਨਜ਼ ਮੂਸੇਵਾਲਾ ਦੀ ਮੌਤ ਦੇ ਇਨਸਾਫ ਦੀ ਉਡੀਕ ਕਰ ਰਹੇ ਹਨ। ਐਤਵਾਰ (5 ਨਵੰਬਰ) ਨੂੰ ਦੇਸ਼ਾਂ ਵਿਦੇਸ਼ਾਂ 'ਚੋਂ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲੇ ਸਿੱਧੂ ਦੇ ਪ੍ਰਸ਼ੰਸਕ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਪਹੁੰਚਦੇ ਸਨ। ਜਿੱਥੇ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦੇ ਹੋਏ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਅਜੇ ਤੱਕ ਉਹਨਾਂ ਨੂੰ ਆਪਣੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਜਿਸ ਲਈ ਉਹ ਹਰ ਐਤਵਾਰ ਤੁਹਾਡੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹਨ ਅਤੇ ਸਰਕਾਰ ਤੋਂ ਵੀ ਇਨਸਾਫ ਦੀ ਮੰਗ ਕਰਦੇ ਹਨ। ਇਸ ਦੇ ਨਾਲ ਹੀ ਬਲਕੌਰ ਸਿੰਘ ਨੇ ਸਿੱਧੂ ਮੂਸੇਵਾਲਾ 'ਤੇ ਕਿਤਾਬ ਲਿਖਣ ਅਤੇ ਫਿਲਮ ਬਣਾਉਣ ਵਾਲਿਆਂ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ।



ਮੁੱਖ ਮੰਤਰੀ ਨੂੰ ਅੜੇ ਹੱਥੀਂ ਲਿਆ
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸੰਬੋਧਨ ਕਰਦੇ ਹੋਏ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਨੂੰ ਅੜੇ ਹੱਥੀਂ ਲੈਂਦਿਆਂ ਉਹਨਾਂ ਤੇ ਸਵਾਲ ਖੜੇ ਕੀਤੇ ਅਤੇ ਨਾਲ ਹੀ ਕਿਹਾ ਕਿ 57 ਸਾਲ ਦੀ ਉਮਰ ਵਿੱਚ ਉਹਨਾਂ ਨੇ ਪਹਿਲੀ ਵਾਰ ਅਜਿਹਾ ਮੁੱਖ ਮੰਤਰੀ ਦੇਖਿਆ ਹੈ ਜੋ ਕਿਸੇ ਵੀ ਮੁੱਦੇ ਨੂੰ ਸੀਰੀਅਸ ਨਹੀਂ ਲੈਂਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ 92 ਸੀਟਾਂ ਦੇ ਕੇ ਪੰਜਾਬ ਦੀ ਸੱਤਾ ਦਿੱਤੀ ਹੈ। ਤਾਂ ਉਹਨਾਂ ਨੂੰ ਡਿਬੇਟ ਕਰਨ ਦੀ ਕੀ ਲੋੜ ਹੈ ਉਹ ਪੰਜਾਬ ਦੇ ਮੁੱਦਿਆਂ 'ਤੇ ਗੱਲ ਕਰਨ ਨਾ ਕਿ ਡਿਬੇਟ ਕਰਨ।


ਲਾਰੈਂਸ ਬਿਸ਼ਨੋਈ ਨੂੰ ਲੈ ਕੇ ਆਖੀ ਇਹ ਗੱਲ


ਇਸ ਦੌਰਾਨ ਉਹਨਾਂ ਲਾਰੈਂਸ ਬਿਸ਼ਨੋਈ ਨੂੰ ਅੜੇ ਹੱਥੀ ਲੈਂਦੇ ਹੋਏ ਕਿਹਾ ਕਿ ਇੱਕ ਗੈਂਗਸਟਰ ਦੀ ਸਰਕਾਰ ਸੁਰੱਖਿਆ ਕਰ ਰਹੀ ਹੈ। ਜਦੋਂ ਕਿ ਉਸ ਦਾ ਪੁੱਤਰ ਸਰਕਾਰ ਨੂੰ ਕਰੋੜਾਂ ਰੁਪਏ ਟੈਕਸ ਦਿੰਦਾ ਸੀ, ਪਰ ਉਸ ਦੀ ਕੋਈ ਸੁਰੱਖਿਆ ਨਹੀਂ ਕੀਤੀ ਗਈ। ਜਿਸ ਕਾਰਨ ਅੱਜ ਉਸ ਦਾ ਪੁੱਤਰ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ। ਉਹਨਾਂ ਕਿਹਾ ਕਿ ਮੈਂ ਆਪਣੇ ਪੁੱਤਰ ਦੇ ਇਨਸਾਫ ਲਈ ਇਸੇ ਤਰ੍ਹਾਂ ਆਵਾਜ਼ ਉਠਾਉਂਦਾ ਰਹਾਂਗਾ ਅਤੇ ਹਰ ਵਾਰ ਤਰੀਕ 'ਤੇ ਜਾ ਕੇ ਵੀ ਜੱਜ ਸਾਹਿਬ ਦੇ ਦਰਸ਼ਨ ਕਰਕੇ ਆਉਂਦਾ ਹਾਂ ਅਤੇ ਉਹਨਾਂ ਅੱਗੇ ਹੱਥ ਜੋੜ ਕੇ ਅਪੀਲ ਕਰਦਾ ਹਾਂ ਕਿ ਇਨਸਾਫ ਦਿੱਤਾ ਜਾਵੇ ਤੇ ਮਾਨਯੋਗ ਅਦਾਲਤਾਂ ਵੱਲੋਂ ਵੀ ਭਰੋਸਾ ਦਿੱਤਾ ਜਾਂਦਾ ਹੈ, ਕਿ ਇਨਸਾਫ ਦਿੱਤਾ ਜਾਵੇਗਾ।


ਕਿਤਾਬ ਲਿਖਣ 'ਤੇ ਜਤਾਈ ਨਾਰਾਜ਼ਗੀ


ਇਸ ਮੌਕੇ ਉਹਨਾਂ ਇੱਕ ਸੀਨੀਅਰ ਜਰਨਲਿਸਟ ਵੱਲੋਂ ਸਿੱਧੂ ਮੂਸੇਵਾਲਾ 'ਤੇ ਲਿਖੀ ਗਈ ਕਿਤਾਬ ਅਤੇ ਫਿਲਮ ਬਣਾਉਣ ਨੂੰ ਲੈ ਕੇ ਵੀ ਸਵਾਲ ਚੁੱਕੇ ਅਤੇ ਉਹਨਾਂ ਕਿਹਾ ਕਿ ਉਹ ਕੌਣ ਹੁੰਦੇ ਹਨ ਕਿ ਮੇਰੇ ਪੁੱਤਰ 'ਤੇ ਕਿਤਾਬਾਂ ਲਿਖ ਕੇ ਫਿਲਮਾਂ ਬਣਾਉਣਗੇ। ਕਿਉਂਕਿ ਅਜੇ ਤੱਕ ਉਸ ਦੇ ਪੁੱਤਰ ਨੂੰ ਇਨਸਾਫ ਨਹੀਂ ਮਿਲਿਆ ਜਿਸ ਕਾਰਨ ਇਨਸਾਫ ਤੋਂ ਪਹਿਲਾਂ ਹੀ ਕਿਵੇਂ ਫਿਲਮ ਬਣਾਈ ਜਾ ਸਕਦੀ ਹੈ। ਉਹਨਾਂ ਕਿਹਾ ਕਿ ਜਦੋਂ ਕਦੇ ਫਿਲਮ ਬਣਾਉਣ ਦੀ ਲੋੜ ਪਈ ਤਾਂ ਅਸੀਂ ਤੁਹਾਨੂੰ ਹਰ ਚੀਜ਼ ਮੁਹੱਈਆ ਕਰਵਾਵਾਂਗੇ।