ਸ਼ੰਕਰ ਦਾਸ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਆਪਣੇ ਮੰਤਰੀ ਵਿਜੇ ਸਿੰਗਲਾ (Health Minister Vijay Singla) ਨੂੰ ਕੈਬਨਿਟ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਹੈ। ਸਿਹਤ ਮੰਤਰੀ ਵਿਜੇ ਸਿੰਗਲਾ ਖਿਲਾਫ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਦੇ ਠੋਸ ਸਬੂਤ ਮਿਲੇ ਹਨ। ਮਿਲੀ ਜਾਣਕਾਰੀ ਅਨੁਸਾਰ ਅਧਿਕਾਰੀਆਂ ਤੋਂ ਠੇਕੇ 'ਤੇ 1% ਕਮਿਸ਼ਨ ਦੀ ਮੰਗ ਕਰਨ ਵਾਲੇ ਸਿਹਤ ਮੰਤਰੀ ਵਿਜੇ ਸਿੰਗਲਾ 'ਤੇ ਕਾਰਵਾਈ ਹੋਈ ਹੈ।


ਇਸ ਦੌਰਾਨ ਪੰਜਾਬੀ ਗਾਇਕ ਤੇ ਮਾਨਸਾ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜਨ ਵਾਲੇ ਸਿੱਧੂ ਮੂਸੇਵਾਲਾ ਨੇ ਮਾਨਸਾ ਤੋਂ ਵਿਧਾਇਕ ਤੇ ਪੰਜਾਬ ਦੇ ਸਿਹਤ ਮੰਤਰੀ ਵਿਜੇ ਸਿੰਗਲਾ ਦੀ ਬਰਖਾਸਤਗੀ 'ਤੇ ਤੰਜ ਕੱਸਿਆ ਹੈ। ਸਿੱਧੂ ਮੂਸੇਵਾਲਾ ਨੇ ਇੰਸਟਾਗ੍ਰਾਮ 'ਤੇ ਇੱਕ ਸਟੋਰੀ ਪੋਸਟ ਕਰਦਿਆਂ ਲਿਖਿਆ ਬਾਬਾ ਕਹਿੰਦਾ ਸੀ; ਦੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ, ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ।




ਦੱਸ ਦੇਈਏ ਕਿ ਵਿਧਾਨ ਸਭਾ ਹਲਕਾ ਮਾਨਸਾ ਤੋਂ ਕਾਂਗਰਸ ਨੇ ਪੰਜਾਬੀ ਗਾਇਕ ਸ਼ੂਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ (Punjab Election Results 2022) ਉਮੀਦਵਾਰ ਬਣਾਇਆ ਸੀ। ਸਿੱਧੂ ਮੂਸੇਵਾਲਾ ਨੂੰ ਲੋਕ ਬਤੌਰ ਗਾਇਕ ਬਹੁਤ ਪਸੰਦ ਕਰਦੇ ਹਨ ਪਰ ਅਫਸੋਸ ਉਨ੍ਹਾਂ ਨੂੰ ਕਾਂਗਰਸੀ ਉਮੀਦਵਾਰ ਤੇ ਤੌਰ ਤੇ ਕਿਸੇ ਨੇ ਪਸੰਦ ਨਹੀਂ ਕੀਤਾ। ਇਸ ਕਾਰਨ ਉਨ੍ਹਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।

ਹਾਸਲ ਜਾਣਕਾਰੀ ਲਈ ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਨੂੰ 99200 ਵੋਟਾਂ ਦੀ ਲੀਡ ਨਾਲ ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਡਾ. ਵਿਜੇ ਸਿੰਗਲਾ ਨੇ ਮਾਤ ਦਿੱਤੀ ਸੀ। ਇਸ ਦੌਰਾਨ ਮੂਸੇਵਾਲਾ ਦੇ ਹਿੱਸੇ 36477 ਵੋਟਾਂ ਆਈਆਂ ਸਨ। ਅੱਜ ਸ਼ਿਕਾਇਤ ਮਿਲਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਬਰਖਾਸਤ ਕੀਤਾ ਹੈ। ਦੱਸ ਦੇਈਏ ਕਿ ਦੇਸ਼ ਦੇ ਇਤਿਹਾਸ ਵਿੱਚ ਦੂਜੀ ਵਾਰ ਕਿਸੇ ਮੁੱਖ ਮੰਤਰੀ ਨੇ ਸਿੱਧੇ ਆਪਣੇ ਮੰਤਰੀ 'ਤੇ ਸਖ਼ਤ ਐਕਸ਼ਨ ਲਿਆ ਹੈ।