ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਐਸਵਾਈਐਲ ਗੀਤ ਨੂੰ ਲੀਕ ਕੀਤੇ ਜਾਣ 'ਤੇ ਮਾਨਸਾ ਥਾਣਾ ਸਦਰ ਪੁਲਿਸ ਨੇ ਨਾਮਾਲੂਮ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੁਲਿਸ ਨੂੰ ਬਿਆਨ ਦਿੱਤਾ ਹੈ ਕਿ ਉਸ ਦੇ ਪੁੱਤਰ ਦਾ ਐਸਵਾਈਐਲ ਗੀਤ ਉਨ੍ਹਾਂ 23 ਤਾਰੀਖ ਨੂੰ ਸ਼ਾਮ 6 ਵਜੇ ਰਿਲੀਜ਼ ਕਰਨਾ ਸੀ ਪਰ ਕਿਸੇ ਨੇ 20 ਤਾਰੀਖ ਨੂੰ ਹੀ ਰਿਲੀਜ਼ ਕਰ ਦਿੱਤਾ। ਇਸ ਤੇ ਸਦਰ ਮਾਨਸਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।
ਕਾਬਿਲੇਗ਼ੌਰ ਹੈ ਕਿ 4-5 ਦਿਨ ਪਹਿਲਾਂ ਹੀ ਇਸ ਗੀਤ ਨੂੰ ਮੂਸੇਵਾਲਾ ਦੇ ਅਧਿਕਾਰਤ ਯੂਟਿਊਬ `ਤੇ ਰਿਲੀਜ਼ ਕੀਤਾ ਗਿਆ ਸੀ। ਜਿਸ ਤੋਂ 2 ਦਿਨਾਂ ਬਾਅਦ ਹੀ ਇਸ ਗੀਤ ਨੂੰ ਹਟਵਾ ਦਿਤਾ ਸੀ। ਇਸ ਗੀਤ ਵਿੱਚ ਪੰਜਾਬ ਤੇ ਹਰਿਆਣਾ ਵਿਚਕਾਰ ਐਸਵਾਈਐਲ (ਸਤਲੁਜ-ਯੁਮਨਾ ਲਿੰਕ) ਨਹਿਰ ਦੇ ਪਾਣੀ ਅਤੇ ਬੰਦੀ ਸਿੱਖਾਂ ਦੀ ਰਿਹਾਈ ਦੇ ਮੁੱਦੇ ਉਭਾਰੇ ਗਏ ਸਨ ਜਿਸ ਨੂੰ ਲੈ ਕੇ ਲਗਾਤਾਰ ਵਿਵਾਦ ਹੋ ਰਿਹਾ ਸੀ।
ਯੂ-ਟਿਊਬ ’ਤੇ ਗਾਣੇ ਦੇ ਲਿੰਕ ’ਤੇ ਕਲਿਕ ਕਰਨ ’ਤੇ ਪਤਾ ਲੱਗਦਾ ਹੈ ਕਿ ਕੇਂਦਰ ਦੀ ਸ਼ਿਕਾਇਤ ਮਗਰੋਂ ‘ਐਸਵਾਈਐਲ’ ਗਾਣੇ ਨੂੰ ਭਾਰਤ ’ਚ ਨਹੀਂ ਦੇਖਿਆ ਜਾ ਸਕਦਾ ਹੈ। ਇਸ ਗੀਤ ਨੂੰ ਹੁਣ ਤੱਕ 2.8 ਕਰੋੜ ਵਾਰ ਦੇਖਿਆ ਜਾ ਚੁੱਕਿਆ ਹੈ ਤੇ ਵਪਾਰਕ ਪੱਖੋਂ ਇਹ ਗੀਤ ਪਹਿਲੇ ਨੰਬਰ ’ਤੇ ਆ ਗਿਆ ਸੀ, ਜਿਸ ਦੇ 3.4 ਕਰੋੜ ਕੁਮੈਂਟ ਵੀ ਆ ਚੁੱਕੇ ਹਨ। ਸਿੱਧੂ ਮੂਸੇਵਾਲਾ ਦੇ ਕਤਲ ਦੇ 26 ਦਿਨਾਂ ਬਾਅਦ ਇਹ ਗੀਤ ਇੱਕ ਸ਼ਰਧਾਂਜਲੀ ਵਜੋਂ ਰਿਲੀਜ਼ ਕੀਤਾ ਗਿਆ ਸੀ।
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਦਿਨ ਦਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਐਸਵਾਈਐਲ ਉਨ੍ਹਾਂ ਦਾ ਪਹਿਲਾ ਗੀਤ ਹੈ।