Sidhu Moosewala Murder Case: ਐਨਕਾਊਂਟਰ 'ਚ ਮਾਰੇ ਗਏ ਗੈਂਗਸਟਰ ਮਨਪ੍ਰੀਤ ਸਿੰਘ ਮੰਨੂ ਦੀ ਮ੍ਰਿਤਕ ਦੇਹ ਉਸ ਦੇ ਪਿੰਡ ਕੁੱਸਾ ਪੁੱਜੀ। ਮੋਗਾ ਪ੍ਰਸ਼ਾਸਨ ਅਤੇ ਪਿੰਡ ਦੇ ਸਰਪੰਚ ਤੇ ਕੁਝ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ 'ਚ ਤੜਕ ਸਵੇਰ ਕਰੀਬ 3 ਵਜੇ ਮਨਪ੍ਰੀਤ ਮੰਨੂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਉਹ ਚੰਗਾ ਇਨਸਾਨ ਸੀ ਤੇ ਕਿਸੇ ਨਾਲ ਡਿੱਗ ਕੇ ਗਲਤ ਲਾਈਨ 'ਚ ਚਲਾ ਗਿਆ। 


ਦੇਰ ਰਾਤ ਹੋਇਆ ਪੋਸਟਮਾਰਟਮ


ਮਾਰੇ ਗਏ ਗੈਂਗਸਟਰ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਮੰਨੂ ਦਾ ਦੇਰ ਰਾਤ ਪੋਸਟਮਾਰਟਮ ਕੀਤਾ ਗਿਆ ਜਿਸ ਤੋਂ ਬਾਅਦ ਦੋਹਾਂ ਦੀਆਂ ਮ੍ਰਿਤਕ ਦੇਹਾਂ ਪਿੰਡ ਲਿਆਂਦੀਆਂ ਗਈਆਂ। ਡਾਕਟਰਾਂ ਦੀ ਟੀਮ ਨੂੰ ਪਹਿਲਾਂ ਕਾਗਜ਼ੀ ਕਾਰਵਾਈ ਪੂਰੀ ਕਰਨ ਅਤੇ ਫਿਰ ਸਰੀਰ ਵਿੱਚ ਫਸੀਆਂ ਗੋਲੀਆਂ ਨੂੰ ਲੱਭਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ। ਦੋਵਾਂ ਦੇ ਪਰਿਵਾਰਾਂ ਨੂੰ ਪੁਲਿਸ ਸੁਰੱਖਿਆ ਵਿਚਕਾਰ ਭੇਜਿਆ ਗਿਆ।

ਜ਼ਿਕਰਯੋਗ ਹੈ ਕਿ ਮੁਕਾਬਲੇ 'ਚ ਮਾਰੇ ਗਏ ਰੂਪਾ ਅਤੇ ਮੰਨੂ ਦੀਆਂ ਲਾਸ਼ਾਂ ਨੂੰ ਵੀਰਵਾਰ ਸ਼ਾਮ 4.30 ਵਜੇ ਸਿਵਲ ਹਸਪਤਾਲ ਦੇ ਮੁਰਦਾਘਰ ਤੋਂ ਮੈਡੀਕਲ ਕਾਲਜ ਦੇ ਪੋਸਟਮਾਰਟਮ ਹਾਊਸ ਲਈ ਭੇਜਿਆ ਗਿਆ। ਸਿੱਧੂ ਮੂਸੇਵਾਲਾ ਦੇ ਕਤਲ ਸਮੇਂ ਲਾਸ਼ਾਂ ਨੂੰ ਚਸ਼ਮਦੀਦਾਂ ਦੇ ਸਾਹਮਣੇ ਰੱਖਿਆ ਗਿਆ ਸੀ ਤਾਂ ਜੋ ਉਨ੍ਹਾਂ ਦੀ ਪਛਾਣ ਹੋ ਸਕੇ। ਇਸ ਦੇ ਲਈ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਅੰਮ੍ਰਿਤਸਰ ਪੁੱਜੇ। ਤਿੰਨ ਡਾਕਟਰਾਂ ਦਾ ਪੈਨਲ ਬਣਾਇਆ ਗਿਆ ਸੀ, ਜਿਸ ਵਿੱਚ ਸਿਵਲ ਹਸਪਤਾਲ ਤੋਂ ਡਾ: ਜੈਸਮੀਨ ਅਤੇ ਦੋ ਡਾਕਟਰ ਮੈਡੀਕਲ ਕਾਲਜ ਤੋਂ ਸਨ।


ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਉਰਫ਼ ਮੰਨੂ ਕੁੱਸਾ ਬੁੱਧਵਾਰ 20 ਜੁਲਾਈ ਨੂੰ ਪੰਜਾਬ ਪੁਲਿਸ ਨਾਲ ਕਰੀਬ ਪੰਜ ਘੰਟੇ ਤੱਕ ਚੱਲੇ ਮੁਕਾਬਲੇ ਵਿੱਚ ਮਾਰੇ ਗਏ ਸੀ। ਪੁਲਿਸ ਦੇ ਅਨੁਸਾਰ, ਉਹ ਅੰਮ੍ਰਿਤਸਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਭਕਨਾ ਪਿੰਡ ਵਿੱਚ ਇੱਕ ਪੁਰਾਣੀ ਹਵਾਲੀ ਵਿੱਚ ਲੁਕੇ ਹੋਏ ਸੀ।


ਇਸ ਗੋਲੀਬਾਰੀ ਦੌਰਾਨ ਤਿੰਨ ਪੁਲਿਸ ਮੁਲਾਜ਼ਮ ਅਤੇ ਏਬੀਪੀ ਸਾਂਝਾ ਦਾ ਕੈਮਰਾਮੈਨ ਸਿਕੰਦਰ ਵੀ ਜ਼ਖ਼ਮੀ ਹੋ ਗਏ।ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ (ਡੀਸੀਪੀ) ਐਮਐਸ ਭੁੱਲਰ ਨੇ ਕਿਹਾ ਕਿ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਸੀ। ਉਨ੍ਹਾਂ ਅੰਮ੍ਰਿਤਸਰ ਵਿੱਚ ਪੱਤਰਕਾਰਾਂ ਨੂੰ ਕਿਹਾ, "ਅਸੀਂ ਉਨ੍ਹਾਂ ਨੂੰ ਜ਼ਿੰਦਾ ਫੜਨਾ ਚਾਹੁੰਦੇ ਸੀ ਪਰ ਜਦੋਂ ਉਹ ਗੋਲੀਬਾਰੀ ਬੰਦ ਨਹੀਂ ਕਰ ਰਹੇ ਸੀ ਤਾਂ ਗੋਲੀਬਾਰੀ ਵਿੱਚ ਉਹ ਮਾਰੇ ਗਏ।" ਇੱਕ ਸਵਾਲ ਦੇ ਜਵਾਬ ਵਿੱਚ ਭੁੱਲਰ ਨੇ ਕਿਹਾ ਕਿ ਗੈਂਗਸਟਰਾਂ ਨੂੰ ਇੱਕ ਵਾਹਨ ਰਾਹੀਂ ਹਵਾਲੀ ਅੰਦਰ ਛੱਡਿਆ ਗਿਆ ਸੀ ਜਿਸਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


ਡੀਸੀਪੀ ਨੇ ਕਿਹਾ, "ਫੋਰੈਂਸਿਕ ਟੀਮਾਂ ਦੀ ਤਲਾਸ਼ੀ ਦੌਰਾਨ, ਹਵੇਲੀ ਵਿੱਚੋਂ ਏਕੇ-47 ਦੇ 31 ਰੌਂਦ, ਇੱਕ .45 ਬੋਰ ਦਾ ਪਿਸਤੌਲ ਅਤੇ ਦੋ ਮੈਗਜ਼ੀਨ ਬਰਾਮਦ ਕੀਤੇ ਗਏ ਹਨ।" ਉਨ੍ਹਾਂ ਕਿਹਾ ਕਿ ਇੱਕ ਟੁੱਟਿਆ ਹੋਇਆ ਮੋਬਾਈਲ ਵੀ ਬਰਾਮਦ ਕੀਤਾ ਗਿਆ ਹੈ ਅਤੇ ਫੋਰੈਂਸਿਕ ਟੀਮਾਂ ਇਸ ਦੀ ਜਾਂਚ ਕਰ ਰਹੀਆਂ ਹਨ। ਬੁੱਧਵਾਰ ਨੂੰ ਪੁਲਿਸ ਨੇ ਗੈਂਗਸਟਰਾਂ ਕੋਲੋਂ ਇੱਕ ਏਕੇ-47 ਰਾਈਫਲ ਅਤੇ ਇੱਕ .9 ਐਮਐਮ ਦੀ ਪਿਸਤੌਲ ਵੀ ਬਰਾਮਦ ਕੀਤੀ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਮੁਕਾਬਲੇ ਵਾਲੀ ਥਾਂ ਤੋਂ ਕੋਈ ਨਸ਼ਾ ਬਰਾਮਦ ਹੋਇਆ ਹੈ ਤਾਂ ਭੁੱਲਰ ਨੇ ਕਿਹਾ, "ਅਸੀਂ ਕੁਝ ਗੋਲੀਆਂ ਬਰਾਮਦ ਕੀਤੀਆਂ ਹਨ ਅਤੇ ਸਾਡੀਆਂ ਫੋਰੈਂਸਿਕ ਟੀਮਾਂ ਉਨ੍ਹਾਂ ਦੀ ਜਾਂਚ ਕਰ ਰਹੀਆਂ ਹਨ।" ਇਹ ਪੁੱਛੇ ਜਾਣ 'ਤੇ ਕਿ ਕੀ ਕੋਈ ਜਾਅਲੀ ਪਾਸਪੋਰਟ ਮਿਲਿਆ ਹੈ, ਉਨ੍ਹਾਂ ਨੇ ਕਿਹਾ ਕਿ ਕੋਈ ਦਸਤਾਵੇਜ਼ ਬਰਾਮਦ ਨਹੀਂ ਹੋਇਆ ਹੈ।