ਰਵਨੀਤ ਕੌਰ ਦੀ ਰਿਪੋਰਟ


ਚੰਡੀਗੜ੍ਹ :  ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ( Sidhu Moosewala Murder ) ਦਾ ਅੱਜ ਕਤਲ ਕਰ ਦਿੱਤਾ ਗਿਆ ਹੈ। ਮਾਨਸਾ ਦੇ ਪਿੰਡ ਜਵਾਹਰਕੇ 'ਚ ਉਨ੍ਹਾਂ 'ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਹੈ। ਗੋਲੀਬਾਰੀ ਵਿਚ ਮੂਸੇਵਾਲਾ ( Sidhu Moosewala ) ਦੀ ਮੌਤ ਹੋ ਗਈ ਅਤੇ ਉਸ ਦੇ ਦੋ ਸਾਥੀ ਜ਼ਖਮੀ ਹੋ ਗਏ ਹਨ। ਪੰਜਾਬ 'ਚ CM ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਨੇ ਸ਼ਨੀਵਾਰ ਨੂੰ ਹੀ ਸਿੱਧੂ ਮੂਸੇਵਾਲਾ ਦੀ ਸੁਰੱਖਿਆ 'ਚ ਕਟੌਤੀ ਕਰ ਦਿੱਤੀ ਸੀ।


ਮਾਨਸਾ ਦੇ ਐਸਐਸਪੀ ਗੋਰਵ ਤੂਰਾ ਨੇ ਏਬੀਪੀ ਸਾਂਝਾ ਨੂੰ ਜਾਣਕਾਰੀ ਦਿੱਤੀ ਹੈ ਕਿ ਮਸ਼ਹੂਰ ਗਾਇਕ ਦੇ ਕਤਲ ਪਿੱਛੇ ਗੈਂਗਸਟਰ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦਾ ਹੱਥ ਹੈ।


ਸੁਖਬੀਰ ਬਾਦਲ ਨੇ ਮੂਸੇਵਾਲਾ ਦੀ ਮੌਤ 'ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਜਾਣ ਕੇ ਬਹੁਤ ਦੁੱਖ ਲੱਗਿਆ।ਉਸ ਦੇ ਪਰਿਵਾਰ ਅਤੇ ਦੋਸਤਾਂ ਨਾਲ ਮੈਂ ਹਮਦਰਦੀ ਦਾ ਪ੍ਰਗਟਾਵਾ ਕਰਦਾ ਹਾਂ। ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਇਸ ਕਤਲ ਦੇ ਜ਼ਿੰਮੇਵਾਰ ਦੋਸ਼ੀਆਂ ਨੂੰ ਬਿਨਾਂ ਦੇਰੀ ਗ੍ਰਿਫ਼ਤਾਰ ਕੀਤਾ ਜਾਵੇ। ਇਹ ਨਿੰਦਣਯੋਗ ਘਟਨਾ ਪੰਜਾਬ ਵਿੱਚ ਅਮਨ-ਕਨੂੰਨ ਦੀ ਵਿਵਸਥਾ ਦੇ ਬੁਰੀ ਤਰ੍ਹਾਂ ਨਾਲ ਚਰਮਰਾ ਜਾਣ ਦਾ ਸਬੂਤ ਹੈ।


  ਇਹ ਇੱਕ ਬਹੁਤ ਹੀ ਧੁੰਦਲੀ ਅਤੇ ਨਾਜ਼ੁਕ ਘੜੀ ਹੈ, ਜਿਸ ਵਿੱਚ ਸਾਨੂੰ ਸਭ ਨੂੰ ਬਹੁਤ ਸੰਜਮ ਅਤੇ ਸੂਝ ਵਰਤਣ ਦੀ ਲੋੜ ਹੈ। ਮੁੱਖ ਮੰਤਰੀ ਪੰਜਾਬ ਨੂੰ ਵੀ ਆਪਣੇ ਪੱਖ ਨੂੰ ਡੂੰਘਾਈ ਨਾਲ ਵਿਚਾਰਨ ਦੀ ਲੋੜ ਹੈ, ਕਿ ਉਹਨਾਂ ਦੀ ਅਗਵਾਈ 'ਚ ਪੰਜਾਬ ਅਮਨ-ਕਾਨੂੰਨ ਤੋਂ ਸੱਖਣਾ ਕਿਉਂ ਹੋਇਆ, ਅਤੇ ਮੁਕੰਮਲ ਅਰਾਜਕਤਾ ਵਿੱਚ ਕਿਉਂ ਵਧਿਆ। 


ਦੱਸਣਯੋਗ ਹੈ ਕਿ ਆਪਣੀ ਦਮਦਾਰ ਗਾਇਕੀ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਸਿੱਧੂ ਮੂਸੇਵਾਲਾ ਦੀ ਅਚਾਨਕ ਹੋਈ ਮੌਤ ਨਾਲ ਹਰ ਕੋਈ ਹੈਰਾਨ ਹੈ। ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੇ 29 ਮਈ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਸਟੋਰੀ ਪੋਸਟ ਸ਼ੇਅਰ ਕੀਤੀ ਸੀ। ਇਸ ਸਟੋਰੀ ਪੋਸਟ ਰਾਹੀਂ ਉਨ੍ਹਾਂ ਨੇ ਆਪਣੇ ਸ਼ੋਅ ਅਤੇ ਨਵੇਂ ਗੀਤਾਂ ਬਾਰੇ ਆਪਣੇ ਪ੍ਰਸ਼ੰਸਕਾਂ ਨਾਲ ਕਹਾਣੀ ਸਾਂਝੀ ਕੀਤੀ।


ਮੂਸੇਵਾਲਾ ਦੇ ਇੰਸਟਾਗ੍ਰਾਮ 'ਤੇ 7.2 ਮਿਲੀਅਨ ਫਾਲੋਅਰਜ਼ ਹਨ। ਅਜਿਹੇ 'ਚ ਸਿੱਧੂ ਮੂਸੇਵਾਲਾ ਦੇ ਸਾਰੇ ਪ੍ਰਸ਼ੰਸਕ ਉਨ੍ਹਾਂ ਦੀ ਮੌਤ 'ਤੇ ਬੇਹੱਦ ਦੁਖੀ ਹਨ। ਕੌਣ ਜਾਣਦਾ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਸਿਰਫ਼ 7 ਘੰਟੇ ਪਹਿਲਾਂ ਇੰਸਟਾਗ੍ਰਾਮ 'ਤੇ ਜੋ ਪੋਸਟ ਕੀਤਾ ਸੀ, ਉਹ ਉਸ ਦੀ ਜ਼ਿੰਦਗੀ ਦੀ ਆਖਰੀ ਪੋਸਟ ਸਾਬਤ ਹੋਵੇਗੀ।