ਬਠਿੰਡਾ: ਪਿੰਡ ਭਗਤਾ ਭਾਈਕੇ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਦਸਤਾਰ ਫਾਊਂਡੇਸ਼ਨ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਿੱਧੂ ਮੂਸੇ ਵਾਲਾ ਦੇ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਆਪਣੇ ਗੀਤ ਵਿੱਚ ਮਾਈ ਭਾਗੋ ਪ੍ਰਤੀ ਜੋ ਲਫ਼ਜ਼ ਵਰਤੇ ਹਨ, ਉਹ ਮੁਆਫ਼ੀਯੋਗ ਨਹੀਂ।
ਦਸਤਾਰ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਪਰਗਟ ਸਿੰਘ ਭੋਡੀਪੁਰਾ ਤੇ ਏਕ ਨੂਰ ਖ਼ਾਲਸਾ ਫੌਜ ਦੇ ਪ੍ਰਧਾਨ ਸੁਖਪਾਲ ਸਿੰਘ ਗੋਨਿਆਣਾ ਨੇ ਭਗਤਾ ਭਾਈ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੰਚਾਂ ਦੇ ਬਾਈਕਾਟ ਤੋਂ ਇਲਾਵਾ ਸਿੱਖਾਂ ਦੀਆਂ ਧਾਰਮਿਕ, ਸਮਾਜਿਕ ਤੇ ਹੋਰ ਖੇਤਰਾਂ ਦੀਆਂ ਸੰਸਥਾਵਾਂ ਨੂੰ ਵੀ ਹੁਣ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ। ਵਿਦੇਸ਼ਾਂ ਦੀਆਂ ਸਿੱਖ ਸੰਸਥਾਵਾਂ ਨੂੰ ਵੀ ਅਹਿਮੀਅਤ ਨਾਲ ਇਸ ਮੁੱਦੇ ਨੂੰ ਲੈਣਾ ਪਵੇਗਾ ਕਿਉਂਕਿ ਮਸਲਾ ਕੋਈ ਛੋਟਾ ਨਹੀਂ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਮੂਹ ਪੰਜਾਬੀ ਵੀਰ ਆਪਣੀ ਮਾਂ ਬੋਲੀ ਲਈ ਸੰਘਰਸ਼ ਵਿੱਚ ਹਨ ਤੇ ਦੂਸਰੇ ਪਾਸੇ ਮਾਂ ਬੋਲੀ ਦੀ ਗਾਇਕੀ ਦੇ ਉਹਲੇ ਇਹ ਨਮੂਨਾ ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸਕ ਪੱਖਾਂ ਨਾਲ ਛੇੜ-ਛਾੜ ਕਰ ਰਿਹਾ ਹੈ। ਭੋਡੀਪੁਰਾ ਨੇ ਪੁਲਿਸ ਪ੍ਰਸ਼ਾਸ਼ਨ ਤੋ ਸਿੱਖ ਭਾਵਨਾਵਾਂ ਭੜਕਾਉਣ ਤੇ ਮੂਸੇਵਾਲਾ ਤੇ 295ਏ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਅਤੇ ਸਿੱਖ ਸਮਾਜ ਨੂੰ ਉਕਤ ਗਾਇਕ ਦਾ ਸਮਾਜਿਕ ਬਾਈਕਾਟ ਕਰਨ ਦਾ ਸੱਦਾ ਦਿੱਤਾ।