ਡੇਰਾ ਬੱਸੀ: ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ 20 ਸਾਲਾ ਪ੍ਰਸ਼ੰਸਕ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਉਸ ਨੇ ਬੁੱਧਵਾਰ ਨੂੰ ਸਿੱਧੂ ਮੂਸੇਵਾਲਾ ਦੇ ਭੋਗ ਦੀ ਲਾਈਵ ਵੀਡੀਓ ਦੇਖੀ ਅਤੇ ਉਦੋਂ ਤੋਂ ਹੀ ਪਰੇਸ਼ਾਨੀ 'ਚ ਸੀ। ਫਿਰ ਉਸ ਨੇ ਜ਼ਹਿਰੀਲਾ ਪਦਾਰਥ ਪੀ ਲਿਆ। ਮ੍ਰਿਤਕ ਨੌਜਵਾਨ ਦੀ ਪਛਾਣ 20 ਸਾਲਾ ਜਸਵਿੰਦਰ ਸਿੰਘ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੇ ਮਾਪਿਆਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦਾ ਲੜਕਾ ਸਿੱਧੂ ਮੂਸੇਵਾਲਾ ਦਾ ਬਹੁਤ ਵੱਡਾ ਫੈਨ ਸੀ ਅਤੇ ਉਸ ਦੇ ਗੀਤ ਬਹੁਤ ਸੁਣਦਾ ਸੀ। ਆਪਣੇ ਚਹੇਤੇ ਗਾਇਕ ਦੇ ਕਤਲ ਤੋਂ ਬਾਅਦ ਉਸ ਨੂੰ ਵੱਡਾ ਝਟਕਾ ਲੱਗਾ ਅਤੇ ਉਸ ਦਿਨ ਤੋਂ ਹੀ ਉਹ ਪ੍ਰੇਸ਼ਾਨੀ ਵਿਚ ਸੀ।
ਬੁੱਧਵਾਰ ਨੂੰ ਸਿੱਧੂ ਮੂਸੇਵਾਲਾ ਦੇ ਭੋਗ ਦੀ ਲਾਈਵ ਵੀਡੀਓ ਦੇਖ ਕੇ ਉਸ ਨੇ ਪਰੇਸ਼ਾਨ ਹੋ ਕੇ ਰਾਤ 12.30 ਵਜੇ ਦੇ ਕਰੀਬ ਜ਼ਹਿਰੀਲੀ ਚੀਜ਼ ਪੀ ਲਈ। ਉਸ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਲਿਜਾਇਆ ਗਿਆ। ਇੱਥੋਂ ਦੇ ਡਾਕਟਰਾਂ ਨੇ ਉਸ ਨੂੰ ਜੀਐਮਸੀਐਚ ਸੈਕਟਰ-32 ਚੰਡੀਗੜ੍ਹ ਲਈ ਰੈਫਰ ਕਰ ਦਿੱਤਾ। ਵੀਰਵਾਰ ਸਵੇਰੇ 9.30 ਵਜੇ ਇੱਥੇ ਉਨ੍ਹਾਂ ਦੀ ਮੌਤ ਹੋ ਗਈ। ਉਹ ਅਜੇ ਵੀ ਬੇਰੁਜ਼ਗਾਰ ਸੀ ਅਤੇ ਘਰ ਵਿਚ ਰਹਿੰਦਾ ਸੀ।