Sidhu Moosewala Murder Case: ਅੰਮ੍ਰਿਤਸਰ ਦੇ ਭਕਨਾ 'ਚ ਹੋਏ ਐਨਕਾਊਂਟਰ ਦੌਰਾਨ ਮਾਰੇ ਗਏ ਜਗਰੂਪ ਸਿੰਘ ਰੂਪਾ ਵਾਸੀ ਜੌੜਾ ਦਾ ਸਸਕਾਰ ਵੀ ਅੱਧੀ ਰਾਤ ਨੂੰ ਕਰ ਦਿੱਤਾ ਗਿਆ ਹੈ। ਜਿੱਥੇ ਕੁਝ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੀ ਮੌਜੂਦਗੀ  'ਚ ਸਸਕਾਰ ਕੀਤਾ ਗਿਆ। 


ਦੇਰ ਰਾਤ ਹੋਇਆ ਪੋਸਟਮਾਰਟਮ


ਮਾਰੇ ਗਏ ਗੈਂਗਸਟਰ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਮੰਨੂ ਦਾ ਦੇਰ ਰਾਤ ਪੋਸਟਮਾਰਟਮ ਕੀਤਾ ਗਿਆ ਜਿਸ ਤੋਂ ਬਾਅਦ ਦੋਹਾਂ ਦੀਆਂ ਮ੍ਰਿਤਕ ਦੇਹਾਂ ਪਿੰਡ ਲਿਆਂਦੀਆਂ ਗਈਆਂ। ਡਾਕਟਰਾਂ ਦੀ ਟੀਮ ਨੂੰ ਪਹਿਲਾਂ ਕਾਗਜ਼ੀ ਕਾਰਵਾਈ ਪੂਰੀ ਕਰਨ ਅਤੇ ਫਿਰ ਸਰੀਰ ਵਿੱਚ ਫਸੀਆਂ ਗੋਲੀਆਂ ਨੂੰ ਲੱਭਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ। ਦੋਵਾਂ ਦੇ ਪਰਿਵਾਰਾਂ ਨੂੰ ਪੁਲਿਸ ਸੁਰੱਖਿਆ ਵਿਚਕਾਰ ਭੇਜਿਆ ਗਿਆ।

ਜ਼ਿਕਰਯੋਗ ਹੈ ਕਿ ਮੁਕਾਬਲੇ 'ਚ ਮਾਰੇ ਗਏ ਰੂਪਾ ਅਤੇ ਮੰਨੂ ਦੀਆਂ ਲਾਸ਼ਾਂ ਨੂੰ ਵੀਰਵਾਰ ਸ਼ਾਮ 4.30 ਵਜੇ ਸਿਵਲ ਹਸਪਤਾਲ ਦੇ ਮੁਰਦਾਘਰ ਤੋਂ ਮੈਡੀਕਲ ਕਾਲਜ ਦੇ ਪੋਸਟਮਾਰਟਮ ਹਾਊਸ ਲਈ ਭੇਜਿਆ ਗਿਆ। ਸਿੱਧੂ ਮੂਸੇਵਾਲਾ ਦੇ ਕਤਲ ਸਮੇਂ ਲਾਸ਼ਾਂ ਨੂੰ ਚਸ਼ਮਦੀਦਾਂ ਦੇ ਸਾਹਮਣੇ ਰੱਖਿਆ ਗਿਆ ਸੀ ਤਾਂ ਜੋ ਉਨ੍ਹਾਂ ਦੀ ਪਛਾਣ ਹੋ ਸਕੇ। ਇਸ ਦੇ ਲਈ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਅੰਮ੍ਰਿਤਸਰ ਪੁੱਜੇ। ਤਿੰਨ ਡਾਕਟਰਾਂ ਦਾ ਪੈਨਲ ਬਣਾਇਆ ਗਿਆ ਸੀ, ਜਿਸ ਵਿੱਚ ਸਿਵਲ ਹਸਪਤਾਲ ਤੋਂ ਡਾ: ਜੈਸਮੀਨ ਅਤੇ ਦੋ ਡਾਕਟਰ ਮੈਡੀਕਲ ਕਾਲਜ ਤੋਂ ਸਨ।


ਗੋਲੀਆਂ ਨਾ ਮਿਲਣ ਕਾਰਨ ਸੀਟੀ ਸਕੈਨ ਕਰਵਾਇਆ

ਰਾਤ 8 ਵਜੇ ਦੇ ਕਰੀਬ ਲਾਸ਼ਾਂ ਨੂੰ ਪਹਿਲਾਂ ਪੋਸਟਮਾਰਟਮ ਹਾਊਸ ਲਿਜਾਇਆ ਗਿਆ ਪਰ ਲਾਸ਼ 'ਤੇ ਗੋਲੀਆਂ ਦੇ ਨਿਸ਼ਾਨ ਦਾ ਪਤਾ ਨਹੀਂ ਲੱਗ ਸਕਿਆ। ਪੋਸਟਮਾਰਟਮ ਦੀ ਪ੍ਰਕਿਰਿਆ ਵਿੱਚ ਸਰੀਰ ਵਿੱਚ ਲੱਗੀਆਂ  ਗੋਲੀਆਂ ਨੂੰ ਬਾਹਰ ਕੱਢਣਾ ਹੁੰਦਾ ਹੈ , ਜੋ ਸਬੂਤ ਵਜੋਂ ਰੱਖੀਆਂ ਜਾਂਦੀਆਂ ਹਨ। ਇਸ ਤੋਂ ਬਾਅਦ ਪੈਨਲ ਨੇ ਦੋਵੇਂ ਲਾਸ਼ਾਂ ਨੂੰ ਸੀਟੀ ਸਕੈਨ ਲਈ ਭੇਜ ਦਿੱਤਾ। ਸੀਟੀ ਸਕੈਨ ਰਿਪੋਰਟ ਦੇ ਆਧਾਰ 'ਤੇ ਲਾਸ਼ਾਂ 'ਚੋਂ ਗੋਲੀਆਂ ਬਰਾਮਦ ਹੋਈਆਂ ਹਨ।