ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੰਜ਼ਾਮ ਦੇਣ ਦੇ ਲਈ ਹਥਿਆਰਾਂ ਦੀ ਸਪਾਲਈ ਪਾਕਿਸਤਾਨ ਤੋਂ ਕਰਵਾਈ ਗਈ। ਇਸ ਦਾ ਖੁਲਾਸਾ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਜਾਂਚ ਵਿੱਚ ਹੋਇਆ ਹੈ। NIA ਨੇ 8 ਦਸੰਬਰ 2022 ਨੂੰ ਬੁਲੰਦਸ਼ਹਿਰ ਤੋਂ ਹਵਾਲਾ ਕਾਰੋਬਾਰੀ ਸ਼ਾਹਬਾਜ਼ ਅੰਸਾਰੀ ਨੂੰ ਗ੍ਰਿਫਤਾਰ ਕੀਤਾ ਸੀ। ਜਿਸ ਦੀ ਮਦਦ ਨਾਲ ਪਾਕਿਸਤਾਨ ਤੋਂ ਮਹਿੰਗੇ ਵਿਦੇਸ਼ੀ ਮਾਰਕੇ ਦੇ ਹਥਿਆਰ ਭਾਰਤ ਪਹੁੰਚੇ ਸਨ।



ਹਥਿਆਰਾਂ ਦੀ ਖੇਪ ਕਿਵੇਂ ਪਹੁੰਚੀ ਭਾਰਤ ?


ਰਾਸ਼ਟਰੀ ਜਾਂਚ ਏਜੰਸੀ ਦੀ ਜਾਂਚ 'ਚ ਇਹ ਸਾਹਮਣੇ ਤਾਂ ਆ ਗਿਆ ਹੈ ਕਿ ਮੂਸੇਵਾਲਾ ਨੂੰ ਮਾਰਨ ਲਈ ਹਥਿਆਰਾ ਪਾਕਿਸਤਾਨ ਤੋਂ ਆਏ ਸਨ। ਇਹਨਾਂ ਵਿੱਚ ਆਸਟਰੀਆ ਦਾ ਗਲਾਕ-30, ਜਿਗਾਨਾ ਪਿਸਤੌਲ, ਜਰਮਨ ਦਾ ਬਣਿਆ ਹੈਕਲਰ ਐਂਡ ਕੋਚ, ਸਟਾਰ ਅਤੇ ਏਕੇ 47 ਬੰਦੂਕ ਸ਼ਾਮਲ ਸੀ। ਹੁਣ ਸਵਾਲ ਖੜ੍ਹਾ ਹੁੰਦਾ ਹੈ ਕਿ ਸਰਹੱਦ ਪਾਰੋਂ ਹਥਿਆਰਾਂ ਦੀ ਸਪਾਲਈ ਭਾਰਤ ਕਿਵੇਂ ਪਹੁੰਚ ਗਈ ?


ਕਿਵੇਂ ਇਹ ਸਾਰੇ ਮਹਿੰਗੇ ਅਤੇ ਵਿਦੇਸ਼ੀ ਹਥਿਆਰ ਸੁਰੱਖਿਆ ਏਜੰਸੀਆਂ ਨੂੰ ਚਕਮਾ ਦੇ ਕੇ ਸਰਹੱਦ ਪਾਰੋਂ ਭਾਰਤ ਵਿੱਚ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਗੈਂਗਸਟਰਾਂ ਤੋਂ ਪਹੁੰਚੇ ? 


ਵੈਸੇ ਦੇਖਿਆ ਜਾਵੇ ਤਾਂ ਅੰਤਰਾਰਾਸ਼ਟਰੀ ਸਰਹੱਦ 'ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਹੁੰਦੇ ਹਨ। ਸਰਹੱਦ 'ਤੇ ਕੋਈ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ। ਸੁਰੱਖਿਆ ਏਜੰਸੀਆਂ ਦੇ ਨਾਲ ਨਾਲ ਖੂਫੀਆ ਏਜੰਸੀਆਂ ਨੂੰ ਸਰਹੱਦ 'ਤੇ ਹੋਣ ਵਾਲੀ ਸਾਰੀ ਹਲਚਲ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ। 


ਅਜਿਹੇ ਵਿੱਚ ਦੁਬਾਈ ਤੋਂ ਹੁਕਮ ਹੋਇਆ ਅਤੇ ਪਾਕਿਸਤਾਨ ਤੋਂ ਹਥਿਆਰਾਂ ਦੀ ਖੇਪ ਰਵਾਨਾ ਹੋਈ ਜੋ ਭਾਰਤ ਵੀ ਪਹੁੰਚ ਗਈ। ਇਸ ਵਿੱਚ ਸੁਰੱਖਿਆ 'ਚ ਕੁਤਾਹੀ ਕਿੱਥੇ ਹੋਈ। ਕੀ ਏਜੰਸੀਆਂ ਨੂੰ ਨਹੀਂ ਪਤਾ ਲੱਗਿਆ ਕਿ ਕੋਈ ਵੱਡੀ ਲੀਡ ਹੋਣ ਜਾ ਰਹੀ ਹੈ। ਭਾਰਤ ਦੇ ਕਈ ਸਪਾਈ ਏਜੰਟ ਪਾਕਿਸਤਾਨ ਬੈਠੇ ਹੋਏ ਹਨ ਦੁਬਈ ਵਿੱਚ ਵੀ ਮੌਜੂਦ ਸਨ। ਦੇਸ਼ ਦੀ ਸੀਆਈਡੀ ਵੀ ਥਾਂ ਥਾਂ 'ਤੇ ਤਾਇਨਾਤ ਹੈ। ਫਿਰ ਵੀ ਹਥਿਆਰਾਂ ਦੀ ਸਪਾਲਈ ਪਾਕਿਸਤਾਨ ਤੋਂ ਸਫਲਤਾਪੂਰਵਕ ਆ ਜਾਣੀ ਵੱਡੇ ਸਵਾਲ ਖੜ੍ਹੇ ਕਰਦੀ ਹੈ। 


 


ਦੁਬਾਈ ਤੋਂ ਪਾਕਿਸਤਾਨ ਤੱਕ ਕੁਨੈਕਸ਼ਨ


NIA ਨੇ 8 ਦਸੰਬਰ 2022 ਨੂੰ ਬੁਲੰਦਸ਼ਹਿਰ ਤੋਂ ਹਵਾਲਾ ਕਾਰੋਬਾਰੀ ਸ਼ਾਹਬਾਜ਼ ਅੰਸਾਰੀ ਨੂੰ ਗ੍ਰਿਫਤਾਰ ਕੀਤਾ ਸੀ। ਸ਼ਾਹਬਾਜ਼ ਅੰਸਾਰੀ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਹ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦਾ ਕਰੀਬੀ ਹੈ। ਸ਼ਾਹਬਾਜ਼ ਅੰਸਾਰੀ ਕਈ ਵਾਰ ਦੁਬਈ ਅਤੇ ਕੈਨੇਡਾ ਗਿਆ ਸੀ। ਜਿੱਥੇ ਉਹ ਗੋਲਡੀ ਬਰਾੜ ਦੇ ਸੰਪਰਕ ਵਿੱਚ ਆਇਆ।



ਸ਼ਾਹਬਾਜ਼ ਅੰਸਾਰੀ ਦੁਬਈ ਵਿੱਚ ਹਵਾਲਾ ਕਾਰੋਬਾਰ ਚਲਾਉਣ ਵਾਲੇ ਪਾਕਿਸਤਾਨੀ ਨਾਗਰਿਕ ਫੈਜ਼ੀ ਖਾਨ ਦੇ ਸੰਪਰਕ ਵਿੱਚ ਆਇਆ। ਇਹ ਫੈਜ਼ੀ ਖਾਨ ਹੀ ਸੀ ਜਿਸ ਨੇ ਸ਼ਾਹਬਾਜ਼ ਅੰਸਾਰੀ ਦੀ ਜਾਣ-ਪਛਾਣ ਦੁਬਈ ਵਿਚ ਬੈਠੇ ਪਾਕਿਸਤਾਨੀ ਨਾਗਰਿਕ ਅਤੇ ਹਥਿਆਰਾਂ ਦੇ ਸਪਲਾਇਰ ਹਾਮਿਦ ਨਾਲ ਕਰਵਾਈ ਸੀ।  ਜਾਂਚ ਮੁਤਾਬਕ ਦੁਬਾਈ ਦੇ ਹਾਮਿਦ ਅਤੇ ਬੁਲੰਦਸ਼ਹਿਰ ਦੇ ਸ਼ਾਹਬਾਜ਼ ਅੰਸਾਰੀ ਵਿਚਾਲੇ ਮੁਲਾਕਾਤ ਹੋਈ ਸੀ। ਜਿਸ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਲਈ ਹਥਿਆਰ ਸਪਲਾਈ ਕਰਨ ਦੀ ਗੱਲ ਸਾਹਮਣੇ ਆਈ ਸੀ।