Sidhu Moosewala Case: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਸੋਮਵਾਰ ਨੂੰ ਆਪਣੇ ਪੁੱਤਰ ਦੇ ਕਤਲ ਦੀ ਜਾਂਚ ਨੂੰ ਲੈ ਕੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨਾਲ ਮੁਲਾਕਾਤ ਕੀਤੀ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਪੰਜਾਬ ਪੁਲੀਸ ਹੈੱਡਕੁਆਰਟਰ ਵਿਖੇ ਪੁਲੀਸ ਮੁਖੀ ਨਾਲ ਮੁਲਾਕਾਤ ਕੀਤੀ। ਮੀਟਿੰਗ ਕਰੀਬ ਅੱਧਾ ਘੰਟਾ ਚੱਲੀ, ਹਾਲਾਂਕਿ ਮੂਸੇਵਾਲਾ ਦੇ ਮਾਪਿਆਂ ਨੇ ਮੀਟਿੰਗ ਬਾਰੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ।


 


ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਵਜੋਂ ਜਾਣੇ ਜਾਂਦੇ ਸ਼ੁਭਦੀਪ ਸਿੰਘ ਸਿੱਧੂ ਦੇ ਪਿਤਾ ਨੇ ਪਿਛਲੇ ਮਹੀਨੇ ਡੀਜੀਪੀ ਨਾਲ ਮੀਟਿੰਗ ਦੀ ਮੰਗ ਕੀਤੀ ਸੀ। ਉਸ ਸਮੇਂ ਉਨ੍ਹਾਂ ਨੇ ਇਹ ਧਮਕੀ ਵੀ ਦਿੱਤੀ ਸੀ ਕਿ ਜੇਕਰ ਉਸ ਦੇ ਪੁੱਤਰ ਦਾ ਨਾਂ ਗੈਂਗਸਟਰਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਉਸ ਦੇ ਪੁੱਤਰ ਦੇ ਕਤਲ ਨਾਲ ਸਬੰਧਤ ਐੱਫਆਈਆਰ ਵਾਪਸ ਲੈ ਕੇ ਦੇਸ਼ ਛੱਡ ਦੇਣਗੇ।



ਬਲਕੌਰ ਸਿੰਘ ਨੇ ਉਦੋਂ ਇਹ ਸਵਾਲ ਵੀ ਉਠਾਇਆ ਸੀ ਕਿ ਜਾਂਚ ਏਜੰਸੀਆਂ ਨੇ ਮੂਸੇਵਾਲਾ ਦੇ ਕਤਲ ਦੀ ਜਾਂਚ ਦੌਰਾਨ (ਜੇਲ੍ਹ ਵਿੱਚ ਬੰਦ ਗੈਂਗਸਟਰ) ਲਾਰੈਂਸ ਬਿਸ਼ਨੋਈ ਗੈਂਗ ਦੀ ਬੀ-ਟੀਮ ਨੂੰ ਹੁਣ ਤੱਕ ਕਿਉਂ ਨਹੀਂ ਬੁਲਾਇਆ? ਲਾਰੈਂਸ ਬਿਸ਼ਨੋਈ ਗੈਂਗ ਨੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਮੰਨਿਆ ਜਾ ਰਿਹਾ ਹੈ ਕਿ ਮੂਸੇਵਾਲਾ ਦੇ ਮਾਪਿਆਂ ਨੇ ਸੋਮਵਾਰ ਨੂੰ ਡੀਜੀਪੀ ਯਾਦਵ ਨਾਲ ਉਪਰੋਕਤ ਮੰਗਾਂ 'ਤੇ ਚਰਚਾ ਕੀਤੀ। ਹਾਲਾਂਕਿ ਡੀਜੀਪੀ ਦਫ਼ਤਰ ਵੱਲੋਂ ਵੀ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।



ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਹਵੇਲੀ 'ਚ ਰੱਖੀ 'ਜਸਟਿਸ ਬੁੱਕ'
ਦੂਜੇ ਪਾਸੇ ਮਾਨਸਾ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਛੇ ਮਹੀਨੇ ਬਾਅਦ ਵੀ ਉਨ੍ਹਾਂ ਦੇ ਚਹੇਤਿਆਂ ਅਤੇ ਪਰਿਵਾਰ ਨੂੰ ਇਨਸਾਫ਼ ਨਾ ਮਿਲਣ ਕਾਰਨ ਪਰਿਵਾਰ ਨੇ ਇੱਕ ਨਵੀਂ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ ਹੁਣ ਸਿੱਧੂ ਮੂਸੇਵਾਲਾ ਦੇ ਘਰ 'ਇਨਸਾਫ਼ ਦੀ ਕਿਤਾਬ' ਰੱਖੀ ਗਈ ਹੈ। ਇਸ ਵਿੱਚ ਸਿੱਧੂ ਦੀ ਮਹਿਲ ਵਿੱਚ ਆਉਣ ਵਾਲੇ ਲੋਕਾਂ ਵੱਲੋ ਇਨਸਾਫ਼ ਦਿਵਾਉਣ ਲਈ ਦਸਤਖ਼ਤੀ ਮੁਹਿੰਮ ਚਲਾਈ ਗਈ ਹੈ। 100000 ਪ੍ਰਸ਼ੰਸਕਾਂ ਦੇ ਹਸਤਾਖਰਾਂ ਤੋਂ ਬਾਅਦ ਇਸ ਕਿਤਾਬ ਨੂੰ ਅਦਾਲਤ ਵਿੱਚ ਪੇਸ਼ ਕਰਕੇ ਸਿੱਧੂ ਮੂਸੇਵਾਲਾ ਕੇਸ ਵਿੱਚ ਇਨਸਾਫ਼ ਦਿਵਾਉਣ ਲਈ ਪਟੀਸ਼ਨ ਦਾਇਰ ਕੀਤੀ ਜਾਵੇਗੀ।


ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਹੁਣ ਉਹ ਆਪਣੇ ਪੁੱਤਰ ਨੂੰ ਇਨਸਾਫ਼ ਦਿਵਾਉਣ ਲਈ ਕੋਈ ਬਿਆਨ ਜਾਰੀ ਨਹੀਂ ਕਰਨਗੇ, ਸਗੋਂ ਆਪਣੇ ਚਹੇਤਿਆਂ ਦੇ ਸਹਿਯੋਗ ਨਾਲ ਉਪਰੋਕਤ ਦਸਤਖ਼ਤੀ ਮੁਹਿੰਮ ਚਲਾ ਕੇ ਅਦਾਲਤ ਤੋਂ ਇਨਸਾਫ਼ ਦੀ ਮੰਗ ਕਰਨਗੇ, ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਅਤੇ ਦਿੱਲੀ ਦੀ ਪੁਲਿਸ ਨੇ ਕਈ ਮਸ਼ਹੂਰ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ, ਪਰ ਪਰਿਵਾਰ ਅਤੇ ਪ੍ਰਸ਼ੰਸਕਾਂ ਦੀ ਮੰਗ ਹੈ ਕਿ ਇਸ ਕਤਲ ਦੇ ਮਾਸਟਰ ਮਾਈਂਡ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਵੇ।