ਸ਼ੰਕਰ ਦਾਸ ਦੀ ਰਿਪੋਰਟ



Sidhu Moosewala Murder case: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਹੁਣ ਇਨਸਾਫ਼ ਲਈ ਵਿਦੇਸ਼ਾਂ ਵਿੱਚ ਵਸੇ ਸੰਸਦ ਮੈਂਬਰਾਂ ਤੇ ਭਾਰਤੀ ਮੂਲ ਦੇ ਨਾਮਵਰ ਲੋਕਾਂ ਕੋਲ ਪਹੁੰਚ ਕੀਤੀ ਹੈ। ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਬ੍ਰਿਟੇਨ ਵਿੱਚ ਏਸ਼ਿਆਈ ਮੂਲ ਦੇ ਸੰਸਦ ਮੈਂਬਰਾਂ ਸਾਹਮਣੇ ਆਪਣਾ ਦੁੱਖੜਾ ਰੱਖਿਆ ਤੇ ਕਿਹਾ ਕਿ ਜੇਕਰ ਮੈਨੂੰ ਇਨਸਾਫ਼ ਨਾ ਮਿਲਿਆ ਤਾਂ ਮੈਂ ਪੂਰੀ ਦੁਨੀਆ ਤੋਂ ਮਦਦ ਮੰਗਾਂਗਾ ਤਾਂ ਜੋ ਭਾਰਤ ਸਰਕਾਰ 'ਤੇ ਦਬਾਅ ਪਾਇਆ ਜਾ ਸਕੇ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਯੂਕੇ ਦੇ ਪਹਿਲੇ ਦਸਤਾਰਧਾਰੀ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ, ਸੰਸਦ ਮੈਂਬਰ ਪ੍ਰੀਤ ਗਿੱਲ ਤੇ ਲਾਰਡ ਵਾਜਿਦ ਖਾਨ ਨਾਲ ਮੁਲਾਕਾਤ ਕੀਤੀ ਹੈ। ਬਲਕੌਰ ਸਿੰਘ ਨੇ ਕਿਹਾ ਕਿ ਅੱਜ ਤੱਕ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਪੁੱਤਰ ਨੂੰ ਕਿਸ ਨੇ ਤੇ ਕਿਉਂ ਮਾਰਿਆ? ਘੱਟੋ-ਘੱਟ ਇਹ ਤਾਂ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਉਸ ਨੂੰ ਕਿਉਂ ਮਾਰਿਆ ਗਿਆ? ਕੀ ਦੁਸ਼ਮਣੀ ਸੀ, ਕਾਰਨ ਕੀ ਸੀ? 2018 ਤੋਂ ਸਿੱਧੂ ਮੂਸੇਵਾਲਾ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ, ਉਸ ਨੇ ਕਦੇ ਕਿਸੇ ਨੂੰ ਪੈਸੇ ਨਹੀਂ ਦਿੱਤੇ।

 

ਇਹ ਵੀ ਪੜ੍ਹੋ : ਤਿਹਾੜ ਜੇਲ੍ਹ 'ਚ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਦੀ ਸੇਵਾ 'ਚ ਲੱਗੇ ਕਈ ਲੋਕ, ਇਸ ਵੀਡੀਓ ਨੇ ਖੋਲ੍ਹੇ ਭੇਤ

ਇਸ ਦੇ ਉਲਟਾ ਸਰਕਾਰ ਨੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਿੱਚ ਕਟੌਤੀ ਕਰਨ ਦਾ ਐਲਾਨ ਕਰ ਦਿੱਤਾ ਹੈ। ਗੈਂਗਸਟਰਾਂ ਨੂੰ ਸਪੱਸ਼ਟ ਹੋ ਗਿਆ ਕਿ ਸਿੱਧੂ ਨਿਹੱਥਾ ਹੈ। ਸਿੱਧੂ ਮੂਸੇਵਾਲਾ ਨੇ 4 ਜੂਨ ਤੋਂ ਵਿਦੇਸ਼ ਦੌਰੇ 'ਤੇ ਜਾਣਾ ਸੀ ਅਤੇ ਉਸ ਤੋਂ ਪਹਿਲਾਂ ਹੀ ਗੈਂਗਸਟਰਾਂ ਨੇ ਉਨ੍ਹਾਂ ਦਾ ਕਤਲ ਕਰ ਦਿੱਤਾ। ਗੈਂਗਸਟਰਾਂ ਕੋਲ ਅਮਰੀਕੀ ਪਿਸਤੌਲ, ਗਰਨੇਡ, ਰੂਸੀ ਹਥਿਆਰ ਸਨ। ਸਰਕਾਰ ਨੂੰ ਸਭ ਕੁਝ ਪਤਾ ਸੀ।

ਬਲਕੌਰ ਸਿੰਘ ਨੇ ਦੱਸਿਆ ਕਿ ਗੋਲਡੀ ਕੈਨੇਡਾ ਵਿੱਚ ਹੈ ਅਤੇ ਉਸ ਸਬੰਧੀ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਅਜਿਹਾ ਵੀ ਦਬਾਅ ਕਾਰਨ ਕੀਤਾ ਗਿਆ ਹੈ, ਕਿਉਂਕਿ ਭਾਰਤ ਇੱਕ ਵੱਡਾ ਲੋਕਤੰਤਰੀ ਦੇਸ਼ ਹੈ ਅਤੇ ਦੁਨੀਆ ਵਿੱਚ ਉਨ੍ਹਾਂ ਦੀ ਬਦਨਾਮੀ ਹੋਵੇਗੀ। ਮੈਂ ਆਪਣੀ ਪਤਨੀ ਨਾਲ ਯੂਕੇ ਆਇਆ ਹਾਂ, ਇਸ ਤੋਂ ਸਰਕਾਰ ਘਬਰਾ ਗਈ ਅਤੇ ਰੈੱਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ। ਜੇਕਰ ਮੇਰੀ ਗੱਲ ਨਾ ਸੁਣੀ ਤਾਂ ਮੈਂ ਸਾਰੇ ਸੰਸਾਰ ਤੋਂ ਮਦਦ ਮੰਗਾਂਗਾ।

ਸਿੱਧੂ ਦਾ ਕੋਈ ਕਸੂਰ ਨਹੀਂ ਸੀ, ਉਹ ਤਾਂ ਦੁਨੀਆ ਦਾ ਮਸ਼ਹੂਰ ਹਸਤੀ ਸੀ। ਉਸਦਾ ਕਸੂਰ ਇਹ ਸੀ ਕਿ ਉਸਨੇ ਤਰੱਕੀ ਅਤੇ ਪ੍ਰਸਿੱਧੀ ਹਾਸਲ ਕੀਤੀ ਸੀ। ਸੰਸਦ ਮੈਂਬਰ ਨੂੰ ਕਿਹਾ ਕਿ ਰਾਜਦੂਤ ਰਾਹੀਂ ਭਾਰਤ ਸਰਕਾਰ 'ਤੇ ਦਬਾਅ ਪਾਇਆ ਜਾਵੇ ਤਾਂ ਜੋ ਸਿੱਧੂ ਮੂਸੇਵਾਲਾ ਦੇ ਮਾਮਲੇ 'ਚ ਇਨਸਾਫ਼ ਮਿਲ ਸਕੇ | ਇਸ ਨੂੰ ਇੱਕ ਆਮ ਕਤਲ ਮੰਨ ਕੇ ਮਾਮਲਾ ਠੰਡਾ ਕੀਤਾ ਜਾ ਰਿਹਾ ਹੈ ਜਦੋਂਕਿ ਸਿੱਧੂ ਨੇ ਪੰਜਾਬੀ ਨੂੰ 150 ਦੇਸ਼ਾਂ ਵਿੱਚ ਪਹੁੰਚਾਇਆ ਸੀ।

ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਪਿਛਲੇ ਕਾਫੀ ਸਮੇਂ ਤੋਂ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਦੀ ਗੱਲ ਕਰ ਰਹੇ ਹਨ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪਿਤਾ ਬਲਕੌਰ ਸਿੰਘ ਨੂੰ ਵੀ ਗੈਂਗਸਟਰਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਇਸ ਦੇ ਨਾਲ ਹੀ ਪੁੱਤਰ ਦੀ ਮੌਤ ਤੋਂ ਬਾਅਦ ਬਲਕੌਰ ਸਿੰਘ ਦੀ ਸਿਹਤ ਵੀ ਠੀਕ ਨਹੀਂ ਹੈ।