ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਵਿੱਚ ਅੱਜ ਵੱਡੀ ਗਿਣਤੀ ਲੋਕ ਪਹੁੰਚੇ। ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲਿਆਂ ਦੀਆਂ ਅੱਖਾਂ ਨਮ ਨਜ਼ਰ ਆਈਆਂ। ਇਸ ਮੌਕੇ ਕਈ ਕਿਲੋਮੀਟਰ ਤੱਕ ਜਾਮ ਲੱਗ ਗਿਆ। ਮਾਨਸਾ ਦੀ ਆਧੁਨਿਕ ਅਨਾਜ ਮੰਡੀ ਵਿੱਚ ਕੀਰਤਨ ਹੋਇਆ ਤੇ ਹਜ਼ਾਰਾਂ ਲੋਕ ਸਵੇਰ ਤੋਂ ਹੀ ਪੁੱਜਣੇ ਸ਼ੁਰੂ ਹੋ ਚੁੱਕੇ ਸਨ। ਭੋਗ ਦੀ ਸਮਾਪਤੀ ’ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਾਰੇ ਪਹੁੰਚੇ ਹੋਏ ਲੋਕਾਂ ਦਾ ਧੰਨਵਾਦ ਕੀਤਾ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਦਸਤਾਰਾਂ ਸਜਾਉਣ ਤੇ ਨਸ਼ਿਆਂ ਤੋਂ ਦੂਰ ਰਹਿਣ ਕਿਉਂ ਕਿ ਇਹੀ ਉਨ੍ਹਾਂ ਦੇ ਪੁੱਤ ਦਾ ਸੁਨੇਹਾ ਸੀ। ਇਸ ਮੌਕੇ ਮਰਹੂਮ ਗਾਇਕ ਦੀ ਮਾਂ ਨੇ ਕਿਹਾ ਕਿ ਐਨੇ ਵੱਡੇ ਇਕੱਠ ਨੇ ਉਨ੍ਹਾਂ ਦੇ ਦੁੱਖ ਨੂੰ ਘਟਾ ਦਿੱਤਾ ਹੈ ਤੇ ਦੂਰੋਂ ਦੂਰੋਂ ਆਏ ਲੋਕਾਂ ਦਾ ਉਨ੍ਹਾਂ ਪੁੱਤ ਪ੍ਰਤੀ ਪਿਆਰ ਤੇ ਸਨਮਾਨ ਉਹ ਕਦੇ ਨਹੀਂ ਭੁੱਲਣਗੇ। ਉਨ੍ਹਾਂ ਹਰ ਨੌਜਵਾਨ ਰੁੱਖ ਲਗਾਉਣ ਦਾ ਸੱਦਾ ਦਿੱਤਾ।
ਸਿੱਧੂ ਮੂਸੇਵਾਲਾ ਦੇ ਅਨੇਕਾਂ ਪ੍ਰਸ਼ੰਸਕ ਤਾਂ ਰਾਤ ਤੋਂ ਹੀ ਇੱਥੇ ਸਨ। ਪਰਿਵਾਰ ਵੱਲੋਂ ਪਹਿਲਾਂ ਸਵੇਰੇ ਸਵਾ ਅੱਠ ਵਜੇ ਪਿੰਡ ਮੂਸਾ ਵਿਖੇ ਘਰ ਸਹਿਜ ਪਾਠ ਦੇ ਭੋਗ ਪਾਏ ਗਏ, ਉਥੇ ਵੀ ਵੱਡੀ ਗਿਣਤੀ ਵਿਚ ਲੋਕ ਪੁੱਜੇ ਹੋਏ ਸਨ। ਲੋਕਾਂ ਲਈ ਲੰਗਰ, ਚਾਹ ਤੇ ਪੀਣ ਦਾ ਪੁਖਤਾ ਪ੍ਰਬੰਧ ਕੀਤਾ ਗਿਆ। ਸਮਾਗਮ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਦਿੱਲੀ, ਹਿਮਾਚਲ, ਕਸ਼ਮੀਰ ਸਮੇਤ ਹੋਰਨਾਂ ਰਾਜਾਂ ਤੋਂ ਵੀ ਮੂਸੇ ਵਾਲੇ ਦੇ ਪ੍ਰਸ਼ੰਸਕਾਂ ਦੀ ਵੱਡੀ ਭੀੜ ਜੁੜੀ।
ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ, ਲੋਕਾਂ ਦੇ ਮੱਥਾ ਟੇਕਣ ਲਈ ਪੁਲਿਸ ਨੇ 29 ਗੇਟ ਬਣਾਏ ਗਏ ਅਤੇ ਲੋਕਾਂ ਲਈ ਲੰਗਰ ਤਿਆਰ ਕਰਕੇ ਦੇਣ ਵਾਲੀਆਂ 13 ਗੁਰੂ ਘਰਾਂ ਦੀਆਂ ਵਿਸ਼ੇਸ਼ ਟੀਮਾਂ ਨੇ ਡਿਊਟੀ ਨਿਭਾਈ। ਪਰਿਵਾਰ ਦੀ ਅਪੀਲ ਮੁਤਾਬਕ ਬਹਤੀ ਸੰਗਤ ਪੱਗਾਂ ਸਜਾਕੇ ਪੁੱਜੀ ਤੇ ਅਨੇਕਾਂ ਕਲੱਬਾਂ ਨੇ ਪੱਗਾਂ ਦਾ ਲੰਗਰ ਲਾਇਆ, ਜਿਸ ਤਹਿਤ ਮੁਫ਼ਤ ਵਿੱਚ ਪੱਗਾਂ ਵੰਡੀਆਂ ਗਈਆਂ।
ਇਸੇ ਤਰ੍ਹਾਂ ਬਹੁਤ ਸਾਰੇ ਪੌਦੇ ਵੰਡਣ ਦਾ ਬੰਦੋਬਸਤ ਕੀਤਾ ਗਿਆ ਤਾਂ ਜੋ ਸਿੱਧੂ ਮੂਸੇ ਵਾਲੇ ਦੀ ਯਾਦ ਵਿਚ ਵੱਧ ਤੋਂ ਵੱਧ ਪੌਦੇ ਲਗਾਏ ਜਾ ਸਕਣ। ਪ੍ਰਸ਼ਾਸਨ ਨੇ ਮਾਨਸਾ ਦੀ ਅਨਾਜ ਮੰਡੀ ਵਿੱਚ ਪਹੁੰਚਣ ਲਈ ਵਿਸ਼ੇਸ਼ ਰਸਤੇ ਵੀ ਕਾਇਮ ਕੀਤੇ ਗਏ। ਸਿਹਤ ਸੇਵਾਵਾਂ ਦੇ ਵੀ ਖ਼ਾਸ ਪ੍ਰਬੰਧ ਕੀਤੇ ਗਏ।
ਇਹ ਵੀ ਪੜ੍ਹੋ: ਜਲਦ ਪੰਜਾਬੀ ਐਕਟਰਸ ਦੇ ਘਰ ਵਜੇਗੀ ਵਿਆਹ ਦੀ ਸ਼ਹਿਨਾਈ, ਰੁਬੀਨਾ ਬਾਜਵਾ ਮੰਗੇਤਰ ਗੁਰਬਖਸ਼ ਚਾਹਲ ਨਾਲ ਬੱਝੇਗੀ ਵਿਆਹ ਦੇ ਬੰਧਨ 'ਚ