Farmers Protest: ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੇ ਕਿਸਾਨ ਅੰਦੋਲਨ ਵਿੱਚ ਨਵੀਂ ਜਾਨ ਫੂਕ ਦਿੱਤੀ ਹੈ। ਸ਼ੰਭੂ ਦੀ ਥਾਂ ਹੁਣ ਖਨੌਰੀ ਬਾਰਡਰ ਕਿਸਾਨ ਅੰਦੋਲਨ ਦਾ ਮੁੱਖ ਕੇਂਦਰ ਬਣ ਗਿਆ ਹੈ। ਇੱਕ ਪਾਸੇ ਵੱਡੀ ਗਿਣਤੀ ਕਿਸਾਨ ਖਨੌਰੀ ਬਾਰਡਰ ਉਪਰ ਪਹੁੰਚ ਰਹੇ ਹਨ ਤੇ ਦੂਜੇ ਪਾਸੇ ਸਿਆਸੀ ਲੀਡਰ, ਗਾਇਕ, ਕਲਾਕਾਰ ਤੇ ਹੋਰ ਅਹਿਮ ਸ਼ਖਸੀਅਤਾਂ ਡੱਲੇਵਾਲ ਦੀ ਹਮਾਇਤ ਲਈ ਆ ਰਹੇ ਹਨ। 


ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਵੀਰਵਾਰ ਨੂੰ ਖਨੌਰੀ ਬਾਰਡਰ ਪਹੁੰਚੇ। ਉਨ੍ਹਾਂ ਨੇ ਕਿਸਾਨਾਂ ਦੀ ਹਮਾਇਤ ਕਰਦਿਆਂ ਅਪੀਲ ਕੀਤੀ ਕਿ  ਫ਼ਸਲਾਂ ਤੇ ਨਸਲਾਂ ਦੀ ਇਸ ਲੜਾਈ ਵਿੱਚ ਡਟ ਕੇ ਖੜ੍ਹੀਏ। 




ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ...
ਖਨੌਰੀ ਬਾਰਡਰ ਤੋਂ ਪੰਜਾਬੀਆਂ ਨੂੰ ਅਪੀਲ🙏
ਪੰਜਾਬ ਦੇ ਮਸਲੇ ਪੰਜਾਬੀਆਂ ਦੇ ਏਕੇ ਦੇ ਨਾਲ ਹੱਲ ਹੋਣਗੇ।
ਬੇਨਤੀ ਹੈ ਆਪਾਂ, ਆਪਣਿਆਂ ਨੂੰ ਨਿਸ਼ਾਨੇ ਬਣਾਉਣ ਦੀ ਬਜਾਏ ਸਰਕਾਰ ਨੂੰ ਜਵਾਬਦੇਹ ਬਣਾਈਏ।
"ਇਹ‌ ਫ਼ਸਲਾਂ ਤੇ ਨਸਲਾਂ ਦਾ ਮਸਲਾ ਹੈ" ਆਪਣੇ ਜਰਨੈਲ ਆਗੂਆਂ ਨਾਲ ਖੜ੍ਹੀਏ, ਕਿਸਾਨ ਮਜ਼ਦੂਰ ਦੇ ਸੰਘਰਸ਼ ਨੂੰ ਮਜ਼ਬੂਤ ਕਰੀਏ🙏 #FarmersProtest







ਉਧਰ, ਹਰਿਆਣਾ-ਪੰਜਾਬ ਦੇ ਖਨੌਰੀ ਬਾਰਡਰ 'ਤੇ 25 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਅੱਜ ਸੁਪਰੀਮ ਕੋਰਟ 'ਚ ਲਗਾਤਾਰ ਤੀਜੇ ਦਿਨ ਵੀ ਸੁਣਵਾਈ ਹੋਈ। ਇੱਥੇ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ (ਏਜੀ) ਗੁਰਮਿੰਦਰ ਸਿੰਘ ਨੇ ਡੱਲੇਵਾਲ ਦੀ ਸਿਹਤ ਨਾਲ ਸਬੰਧਤ ਅਪਡੇਟ ਕੀਤੀ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ।


ਇਸ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਡੱਲੇਵਾਲ ਨੂੰ ਮੋਰਚੇ ਦੇ ਕੋਲ ਬਣਾਏ ਅਸਥਾਈ ਹਸਪਤਾਲ ਵਿੱਚ ਸ਼ਿਫਟ ਕੀਤਾ ਜਾਵੇ। ਇਸ 'ਤੇ ਸਰਕਾਰੀ ਵਕੀਲ ਨੇ ਕਿਹਾ ਕਿ ਕਿਸਾਨ ਆਗੂ ਦੇ ਸਾਰੇ ਟੈਸਟ ਹੋ ਚੁੱਕੇ ਹਨ। ਉਨ੍ਹਾਂ ਦੀ ਸਿਹਤ ਅਜੇ ਸਥਿਰ ਹੈ। ਉਨ੍ਹਾਂ ਨੂੰ ਸਰਕਾਰ ਦੀਆਂ ਹਦਾਇਤਾਂ ਤੇ ਕਿਸਾਨਾਂ ਦੀ ਮਨਜ਼ੂਰੀ ਨਾਲ ਸ਼ਿਫਟ ਕੀਤਾ ਜਾਵੇਗਾ।


ਏਜੀ ਨੇ ਜਸਟਿਸ ਸੂਰਿਆ ਕਾਂਤ ਦੀ ਅਦਾਲਤ ਨੂੰ ਦੱਸਿਆ ਕਿ ਕੱਲ੍ਹ ਅਸੀਂ ਡੱਲੇਵਾਲ ਦੇ ਸਾਰੇ ਟੈਸਟ ਕੀਤੇ ਸਨ। ਈਸੀਜੀ ਨਾਰਮਲ ਸੀ, ਖੂਨ ਦੇ ਨਮੂਨੇ ਵੀ ਲਏ ਗਏ ਸਨ। ਇਸ ਸਮੇਂ ਅਜਿਹਾ ਲੱਗਦਾ ਹੈ ਕਿ ਸਥਿਤੀ ਕਾਬੂ ਹੇਠ ਹੈ। ਉਨ੍ਹਾਂ ਦੇ ਦਿਲ ‘ਤੇ ਕੋਈ ਅਸਰ ਨਹੀਂ ਹੋਇਆ। ਅਸੀਂ ਖੂਨ ਦੇ ਨਮੂਨਿਆਂ 'ਤੇ ਲਗਪਗ 20 ਟੈਸਟ ਕੀਤੇ।



ਇਸ 'ਤੇ ਅਦਾਲਤ ਨੇ ਪੁੱਛਿਆ ਕਿ ਕਿਹੜਾ ਹਿੱਸਾ ਅਸਾਧਾਰਨ ਹੈ? ਸਰਕਾਰੀ ਵਕੀਲ ਨੇ ਕਿਹਾ ਕਿ ਕ੍ਰੀਏਟਿਨਾਈਨ ਥੋੜ੍ਹਾ ਵੱਧ ਹੈ। ਯੂਰਿਕ ਐਸਿਡ ਜ਼ਿਆਦਾ ਹੈ, ਜਿਸ ਲਈ ਦਵਾਈ ਦੀ ਲੋੜ ਹੈ, ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਡੱਲੇਵਾਲ ਨੂੰ ਤੁਹਾਡੇ ਵੱਲੋਂ ਬਣਾਏ ਗਏ ਆਫ-ਸਾਈਟ ਅਸਥਾਈ ਹਸਪਤਾਲ ਵਿੱਚ ਤਬਦੀਲ ਕੀਤਾ ਜਾਵੇ। ਇਸ 'ਤੇ ਏਜੀ ਨੇ ਕਿਹਾ ਕਿ ਉਹ ਕਿਸਾਨਾਂ ਦੇ ਸਹਿਯੋਗ ਦੀ ਸ਼ਰਤ 'ਤੇ ਹੀ ਅਜਿਹਾ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਦੇ ਨਾਲ ਹੀ ਕੈਂਸਰ ਦੀ ਸਥਿਤੀ 'ਤੇ ਅਸੀਂ ਦੇਖਿਆ ਹੈ ਕਿ ਉਨ੍ਹਾਂ ਦਾ ਪੀਐਸਏ ਥੋੜ੍ਹਾ ਵੱਧ ਹੈ, ਪਰ ਖਤਰਨਾਕ ਨਹੀਂ।


ਇਸ ਦੇ ਨਾਲ ਹੀ ਅਦਾਲਤ ਨੇ ਸਵਾਲ ਕੀਤਾ ਕਿ ਕਿਹੜਾ ਅਧਿਕਾਰੀ ਇਸ ਸਭ ਦੀ ਜ਼ਿੰਮੇਵਾਰੀ ਲੈਂਦੇ ਹੋਏ ਹਲਫਨਾਮਾ ਦਾਇਰ ਕਰੇਗਾ? ਤਾਂ ਸਰਕਾਰੀ ਵਕੀਲ ਨੇ ਕਿਹਾ ਕਿ ਅਸੀਂ ਇਸ ਦਾ ਜਵਾਬ ਦੇਵਾਂਗੇ। ਅਦਾਲਤ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਮੁੱਖ ਸਕੱਤਰ ਤੇ ਡੀਜੀਪੀ ਦੋਵੇਂ ਅੱਜ ਹਲਫ਼ਨਾਮਾ ਦਾਖ਼ਲ ਕਰਨ। ਇਸ ਵਚਨ ਦੇ ਨਾਲ ਕਿ ਤੁਸੀਂ ਉਨ੍ਹਾਂ ਨੂੰ ਇੱਕ ਅਸਥਾਈ ਹਸਪਤਾਲ ਵਿੱਚ ਤਬਦੀਲ ਕਰੋਗੇ ਤੇ ਲਗਾਤਾਰ ਡਾਕਟਰੀ ਸਹਾਇਤਾ ਪ੍ਰਦਾਨ ਕਰੋਗੇ।