ਅਮਰੀਕਾ ਦੇ ਫਲੋਰਿਡਾ ਵਿੱਚ ਹੋਏ ਹਾਦਸੇ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਕਾਰਨ ਕਾਰ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਇਸ ਗੱਲ ਨੂੰ ਉਥੇ ਦੀ ਸਰਕਾਰ ਨੇ ਗੰਭੀਰਤਾ ਨਾਲ ਲਿਆ ਹੈ। ਨਾਲ ਹੀ ਹੋਰ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਡਰਾਈਵਿੰਗ ਦੇ ਨਵੇਂ ਵਰਕ ਪਰਮਿਟ 'ਤੇ ਵੀ ਰੋਕ ਲਾ ਦਿੱਤੀ ਹੈ।
ਹੁਣ ਇਸ ਮਾਮਲੇ ਵਿੱਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਟਰੱਕ ਡਰਾਈਵਰ ਹਰਜਿੰਦਰ ਦੇ ਹੱਕ ਵਿੱਚ ਆਏ ਹਨ। ਉਨ੍ਹਾਂ ਕਿਹਾ ਕਿ ਹਰਜਿੰਦਰ ਨੇ ਇਹ ਗਲਤੀ ਜਾਣਬੁੱਝ ਕੇ ਨਹੀਂ ਕੀਤੀ, ਇਹ ਤਾਂ ਸਿਰਫ਼ ਇੱਕ ਹਾਦਸਾ ਸੀ। ਉਨ੍ਹਾਂ ਅੱਗੇ ਅਪੀਲ ਕਰਦੇ ਹੋਏ ਕਿਹਾ ਕਿ ਸਾਰਾ ਪੰਜਾਬੀ ਭਾਈਚਾਰਾ ਹਰਜਿੰਦਰ ਦੀ ਮਦਦ ਲਈ ਅੱਗੇ ਆਵੇ, ਤਾਂ ਜੋ ਮੁਸ਼ਕਲ ਸਮੇਂ ਵਿੱਚ ਉਸਨੂੰ ਕਾਨੂੰਨੀ ਅਤੇ ਆਰਥਿਕ ਸਹਾਇਤਾ ਮਿਲ ਸਕੇ।
ਬਲਕੌਰ ਸਿੰਘ ਨੇ ਆਪਣੀ ਗੱਲ ਦੋ ਪੁਆਇੰਟ ਵਿੱਚ ਰੱਖੀ ਹੈ, ਜੋ ਇਸ ਤਰ੍ਹਾਂ ਹਨ -
1. ਬਲਕੌਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕਰਕੇ ਲਿਖਿਆ ਹੈ ਕਿ ਇਨਸਾਨ ਗਲਤੀਆਂ ਦਾ ਪੁਤਲਾ ਹੈ, ਕੁਝ ਗਲਤੀਆਂ ਅਸੀਂ ਜਾਣਬੁੱਝ ਕੇ ਕਰਦੇ ਹਾਂ, ਜੋ ਕਿਸੇ ਨੂੰ ਠੇਸ ਪਹੁੰਚਾਉਣ ਦੀ ਮਨਸ਼ਾ ਨਾਲ ਹੁੰਦੀਆਂ ਹਨ। ਪਰ ਜੋ ਗਲਤੀ ਪੁੱਤਰ ਹਰਜਿੰਦਰ ਸਿੰਘ ਤੋਂ ਹੋਈ ਹੈ, ਉਹ ਗਲਤੀ ਨਹੀਂ, ਉਹ ਇੱਕ ਹਾਦਸਾ ਸੀ, ਜੋ ਕਦੇ ਵੀ ਕਿਸੇ ਨਾਲ ਹੋ ਸਕਦਾ ਹੈ। ਅਸੀਂ ਅਮਰੀਕਾ ਵਿੱਚ ਬੈਠੇ ਸਾਰੇ ਪੰਜਾਬੀਆਂ ਅਤੇ ਭਾਰਤੀਆਂ ਨੂੰ ਬੇਨਤੀ ਕਰਦੇ ਹਾਂ ਕਿ ਹਰਜਿੰਦਰ ਸਿੰਘ ਦੀ ਮਦਦ ਲਈ ਅੱਗੇ ਆਉਣ।
2. ਬਲਕੌਰ ਸਿੰਘ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਸਾਡੀ ਹਮਦਰਦੀ ਹਾਦਸੇ ਵਿੱਚ ਮਾਰੇ ਗਏ ਇਨ੍ਹਾਂ ਤਿੰਨ ਲੋਕਾਂ ਦੇ ਪਰਿਵਾਰਾਂ ਨਾਲ ਵੀ ਹੈ। ਪਰ ਇਸ ਬੱਚੇ ਤੋਂ ਭੁੱਲ ਹੋਈ ਹੈ, ਜਿਸਨੂੰ ਗੁਨਾਹ ਬਣਾ ਕੇ ਉਸਦੀ ਜ਼ਿੰਦਗੀ ਬਰਬਾਦ ਨਾ ਕੀਤੀ ਜਾਵੇ। ਵਾਹਿਗੁਰੂ ਮੇਹਰ ਕਰਨ।
ਮਰਸੀ ਪਟੀਸ਼ਨ 'ਤੇ ਦਸਤਖ਼ਤ ਕਰਨ ਲਈ ਪੰਜਾਬ ਕਾਂਗਰਸ ਆਈ ਅੱਗੇ
ਅਮਰੀਕਾ ਦੇ ਫਲੋਰਿਡਾ ਵਿੱਚ ਹੋਏ ਇਸ ਹਾਦਸੇ ਵਿੱਚ, ਪੰਜਾਬ ਦੇ ਟਰੱਕ ਡਰਾਈਵਰ ਹਰਜਿੰਦਰ ਵੱਲੋਂ ਯੂ-ਟਰਨ ਲੈਣ ਕਰਕੇ ਕਾਰ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਹੁਣ ਇਸ ਮਾਮਲੇ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਹਰਜਿੰਦਰ ਦੇ ਹੱਕ ਵਿੱਚ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਰਜਿੰਦਰ ਨੇ ਇਹ ਗਲਤੀ ਜਾਣਬੁੱਝ ਕੇ ਨਹੀਂ ਕੀਤੀ, ਬਲਕਿ ਇਹ ਇੱਕ ਹਾਦਸਾ ਸੀ। ਉਨ੍ਹਾਂ ਅੱਗੇ ਅਪੀਲ ਕਰਦੇ ਹੋਏ ਕਿਹਾ ਕਿ ਸਾਰਾ ਪੰਜਾਬੀ ਭਾਈਚਾਰਾ ਹਰਜਿੰਦਰ ਦੀ ਮਦਦ ਲਈ ਅੱਗੇ ਆਵੇ, ਤਾਂ ਜੋ ਮੁਸ਼ਕਲ ਸਮੇਂ ਵਿੱਚ ਉਸਨੂੰ ਕਾਨੂੰਨੀ ਅਤੇ ਆਰਥਿਕ ਸਹਾਇਤਾ ਮਿਲ ਸਕੇ।
ਗਾਇਕ ਸਿੱਧੂ ਮੂਸੇਵਾਲਾ ਕਾਂਗਰਸ ਨਾਲ ਜੁੜੇ ਹੋਏ ਸੀ। ਉਨ੍ਹਾਂ ਨੇ 2022 ਵਿੱਚ ਹੋਈ ਵਿਧਾਨ ਸਭਾ ਚੋਣ ਵਿੱਚ ਮਾਨਸਾ ਤੋਂ ਚੋਣ ਲੜੀ ਸੀ, ਹਾਲਾਂਕਿ ਉਹ ਇਸ ਵਿੱਚ ਕਾਮਯਾਬ ਨਹੀਂ ਹੋ ਸਕੇ ਸਨ। ਇਸ ਵੇਲੇ ਹੁਣ ਪੰਜਾਬ ਕਾਂਗਰਸ ਵੀ ਹਰਜਿੰਦਰ ਦੇ ਹੱਕ ਵਿੱਚ ਆ ਗਈ ਹੈ।
ਪਾਰਟੀ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਮਰਸੀ ਪਟੀਸ਼ਨ ਲਈ ਜਾਰੀ ਕੀਤੀ ਗਈ ਅਰਜ਼ੀ ਦਾ ਲਿੰਕ ਸਾਂਝਾ ਕੀਤਾ ਗਿਆ ਹੈ। ਨਾਲ ਹੀ ਲੋਕਾਂ ਨੂੰ ਉਸ 'ਤੇ ਦਸਤਖ਼ਤ ਕਰਨ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਉਸਨੂੰ ਬਚਾਇਆ ਜਾ ਸਕੇ।
ਪੰਜਾਬ ਕਾਂਗਰਸ ਨੇ ਲਿਖਿਆ ਹੈ ਕਿ ''ਜੋ ਅਮਰੀਕਾ ਵਿੱਚ ਸੜਕ ਹਾਦਸਾ ਹੋਇਆ, ਉਹ ਬਹੁਤ ਹੀ ਦੁੱਖਦਾਇਕ ਹੈ। ਅਸੀਂ ਹਾਦਸਾਗ੍ਰਸਤ ਹੋਏ ਲੋਕਾਂ ਦੇ ਪਰਿਵਾਰਾਂ ਨਾਲ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹੋਏ, ਪ੍ਰਮਾਤਮਾ ਅੱਗੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦੇ ਹਾਂ। ਇਸ ਘਟਨਾ ਨੂੰ ਭੈੜੀ ਰਾਜਨੀਤੀ ਨਾਲ ਸਿੱਖ ਭਾਈਚਾਰੇ ਪ੍ਰਤੀ ਨਫ਼ਰਤ ਪੈਦਾ ਕਰਨ ਦੀ ਭਾਵਨਾ ਨਾਲ ਜੋੜਿਆ ਜਾ ਰਿਹਾ ਹੈ। ਅਸੀਂ ਤੁਹਾਨੂੰ ਸਭ ਨੂੰ ਪੰਜਾਬੀ ਨੌਜਵਾਨ ਹਰਜਿੰਦਰ ਸਿੰਘ ਦੇ ਹੱਕ ਵਿੱਚ ਜੋ ਮਰਸੀ ਪਟੀਸ਼ਨ ਪਾਈ ਜਾ ਰਹੀ ਹੈ, ਉਸ ਉੱਤੇ ਸਾਈਨ ਕਰਨ ਦੀ ਬੇਨਤੀ ਕਰਦੇ ਹਾਂ ਤਾਂ ਜੋ ਨੌਜਵਾਨ ਦੀ ਸਜ਼ਾ ਵਿੱਚ ਰਾਹਤ ਮਿਲ ਸਕੇ।''