ਮਾਨਸਾ : ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਹੈ। ਮਾਨਸਾ ਦੇ ਪਿੰਡ ਜਵਾਹਰਕੇ 'ਚ ਉਨ੍ਹਾਂ 'ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਹੈ। ਗੋਲੀਬਾਰੀ ਵਿਚ ਮੂਸੇਵਾਲਾ ਦੀ ਜਾਨ ਚਲੀ ਗਈ ਅਤੇ ਉਸ ਦੇ ਦੋ ਸਾਥੀ ਜ਼ਖਮੀ ਹੋ ਗਏ ਹਨ। ਪੰਜਾਬ 'ਚ CM ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਨੇ ਸ਼ਨੀਵਾਰ ਨੂੰ ਹੀ ਸਿੱਧੂ ਮੂਸੇਵਾਲਾ ਦੀ ਸੁਰੱਖਿਆ 'ਚ ਕਟੌਤੀ ਕਰ ਦਿੱਤੀ ਸੀ।

 

ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿਮੇਵਾਰ ਠਹਿਰਾਇਆ ਜਾ ਰਿਹਾ ਹੈ। ਕਾਂਗਰਸੀ ਆਗੂ ਡਾ. ਰਾਜਕੁਮਾਰ ਵੇਰਕਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਮੌਤ ਦਾ ਜਿੰਮੇਵਾਰ ਸਿੱਧਾ ਭਗਵੰਤ ਮਾਨ ਹੇੈ ਤੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਜਿਸ ਤਰਾਂ ਨਿੱਜੀ ਦੁਸ਼ਮਣੀ ਕਰਕੇ ਇਹ ਸੁਰੱਖਿਆ ਵਾਪਸ ਲੈ ਰਹੇ ਹਨ , ਪੰਜਾਬ ਬਾਰੂਦ ਦੇ ਢੇਰ 'ਤੇ ਬੈਠਾ ਹੈ ਤੇ ਅਮਨ ਕਾਨੂੰਨ ਦੀ ਸਥਿਤੀ ਦਾ ਜਨਾਜਾ ਨਿਕਲਿਆ ਹੋਇਆ ਹੈ। ਕਾਂਗਰਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ 'ਤੇ ਕਤਲ ਦਾ ਪਰਚਾ ਦਰਜ ਹੋਵੇ। 


ਮੂਸੇਵਾਲਾ ਕੋਲ ਪਹਿਲਾਂ 8 ਤੋਂ 10 ਗੰਨਮੈਨ ਸਨ। ਮਾਨ ਸਰਕਾਰ ਨੇ ਉਸ ਦੇ ਕੋਲ ਸਿਰਫ਼ 2 ਗੰਨਮੈਨ ਹੀ ਛੱਡੇ ਸਨ। ਮੁੱਢਲੀ ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਆਪਣੇ ਸਾਥੀਆਂ ਨਾਲ ਕਾਰ 'ਚ ਸਵਾਰ ਹੋ ਕੇ ਜਾ ਰਿਹਾ ਸੀ। ਕਾਲੇ ਰੰਗ ਦੀ ਗੱਡੀ 'ਚ ਸਵਾਰ ਹਮਲਾਵਰਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਘਰ ਤੋਂ ਕਰੀਬ 5 ਕਿਲੋਮੀਟਰ ਦੂਰ ਜਾ ਕੇ ਹੀ ਮੂਸੇਵਾਲਾ ਨੂੰ ਗੋਲੀ ਮਾਰ ਦਿੱਤੀ ਗਈ। ਉਸ ਸਮੇਂ ਮੂਸੇਵਾਲਾ ਖੁਦ ਚਲਾ ਰਿਹਾ ਸੀ।


 

ਕਾਂਗਰਸ ਦੀ ਟਿਕਟ 'ਤੇ ਵਿਜੇ ਸਿੰਗਲਾ ਖਿਲਾਫ ਲੜੀ ਸੀ ਚੋਣ  


ਸਿੱਧੂ ਮੂਸੇਵਾਲਾ ਨੇ ਮਾਨਸਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਡਾਕਟਰ ਵਿਜੇ ਸਿੰਗਲਾ ਖਿਲਾਫ ਕਾਂਗਰਸ ਦੀ ਟਿਕਟ 'ਤੇ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ ਸੀ। ਮੂਸੇਵਾਲਾ ਹਾਰ ਗਏ ਸੀ ਅਤੇ ਉਸ ਨੂੰ ਹਰਾਉਣ ਵਾਲੇ ਵਿਜੇ ਸਿੰਗਲਾ ਸੂਬੇ ਦੇ ਸਿਹਤ ਮੰਤਰੀ ਬਣ ਗਏ ਸਨ। ਹਾਲ ਹੀ 'ਚ ਸੀਐੱਮ ਭਗਵੰਤ ਮਾਨ ਨੇ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ 'ਚ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਸੀ।

 

ਇਹ ਵੀ ਪੜ੍ਹੋ : Sidhu Moose Wala shot dead : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਕਤਲ: ਮਾਨਸਾ 'ਚ ਚੱਲੀਆਂ ਗੋਲੀਆਂ; 2 ਸਾਥੀ ਜ਼ਖਮੀ ; ਕੱਲ੍ਹ ਹੀ ਪੰਜਾਬ ਸਰਕਾਰ ਨੇ ਘਟਾਈ ਸੀ ਸੁਰੱਖਿਆ