ਚੰਡੀਗੜ੍ਹ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala ) ਦੇ ਪਿਤਾ ਬਲਕੌਰ ਸਿੰਘ ਨੇ ਸੰਗਰੂਰ ਜਿਮਨੀ ਚੋਣਾਂ ਲੜਨ ਤੋਂ ਸਾਫ਼ ਇੰਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਅਜੇ ਮੇਰੇ ਪੁੱਤ ਦਾ ਸਿਵਾ ਠੰਢਾ ਨਹੀਂ ਹੋਇਆ। ਮੈਂ ਕੋਈ ਚੋਣ ਨਹੀਂ ਲੜ ਰਿਹਾ ਹਾਂ। ਸੋਸ਼ਲ ਮੀਡੀਆ ਉਤੇ ਵੇਖ ਕੇ ਮੇਰਾ ਮਨ ਬੜਾ ਦੁਖੀ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਹਰ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਹਨ, ਉਨ੍ਹਾਂ 'ਤੇ ਵਿਸ਼ਵਾਸ ਨਾ ਕਰੋ। ਮੈਂ ਚੋਣ ਨਹੀਂ ਲੜਨਾ ਚਾਹੁੰਦਾ। 8 ਤਰੀਕ ਨੂੰ ਮੇਰੇ ਪੁੱਤ ਦੀ ਅੰਤਿਮ ਅਰਦਾਸ ਹੈ ਅਤੇ ਤੁਸੀਂ ਸਾਰੇ ਪਹੁੰਚੋ। ਉਸ ਤੋਂ ਬਾਅਦ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਹਨ। ਤੁਸੀਂ ਸਾਰਿਆਂ ਨੇ ਮੇਰਾ ਸਾਥ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡੇ ਪਿਆਰ ਲਈ ਤੁਹਾਡਾ ਬਹੁਤ ਧੰਨਵਾਦ। ਮੇਰੇ ਪੁੱਤਰ ਦੀ ਚੀਕ ਅਜੇ ਠੰਢੀ ਨਹੀਂ ਹੋਈ, ਮੇਰਾ ਚੋਣ ਲੜਨ ਦਾ ਮਨ ਨਹੀਂ ਹੈ ,ਇਨ੍ਹਾਂ ਖਬਰਾਂ 'ਤੇ ਵਿਸ਼ਵਾਸ ਨਾ ਕਰੋ।
ਇਸ ਤੋਂ ਪਹਿਲਾਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਇਥੇ ਚੰਡੀਗੜ੍ਹ ਵਿਖੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਕਾਂਗਰਸ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਸੰਗਰੂਰ ਲੋਕ ਸਭਾ ਸੀਟ ਤੋਂ ਜ਼ਿਮਨੀ ਚੋਣ ਲੜਾਉਣਾ ਚਾਹੁੰਦੀ ਹੈ।
ਇਸ ਦੇ ਲਈ ਉਨ੍ਹਾਂ ਨੇ ਸਾਰੀਆਂ ਪਾਰਟੀਆਂ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ ਹੈ। ਕਾਂਗਰਸ ਚਾਹੁੰਦੀ ਹੈ ਕਿ ਮੂਸੇਵਾਲਾ ਦੇ ਪਿਤਾ ਨਿਰਵਿਰੋਧ ਜਿੱਤਣ।ਉਨ੍ਹਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਮੂਸੇਵਾਲਾ ਦੇ ਪਿਤਾ ਨੂੰ ਸਾਂਝਾ ਉਮੀਦਵਾਰ ਬਣਾਉਣ। ਉੱਘੇ ਅਰਥ ਸ਼ਾਸਤਰੀ ਸਰਦਾਰਾ ਸਿੰਘ ਜੌਹਲ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਸੰਗਰੂਰ ਲੋਕ ਸਭਾ ਸੀਟ ਤੋਂ ਬਿਨਾਂ ਮੁਕਾਬਲਾ ਚੁਣੇ ਜਾਣ ਦਾ ਸੁਝਾਅ ਦਿੱਤਾ ਸੀ