ਅਕਾਲੀ ਦਲ ਦੇ ਬਾਨੀ ਦਾ ਕਾਂਗਰਸ ਨੇ ਮਨਾਇਆ ਜਨਮ ਦਿਹਾੜਾ
ਏਬੀਪੀ ਸਾਂਝਾ | 24 Jun 2018 05:39 PM (IST)
ਅੰਮ੍ਰਿਤਸਰ: ਆਪਣੇ ਸਿਆਸੀ ਵਿਰੋਧੀ ਪਾਰਟੀ ਦੇ ਬਾਨੀ ਦਾ ਜਨਮ ਦਿਨ ਮਨਾਉਣ ਲਈ ਪੰਜਾਬ ਦੀ ਕਾਂਗਰਸ ਸਰਕਾਰ ਨੇ ਵੱਡਾ ਸਮਾਗਮ ਕਰ ਸ਼੍ਰੋਮਣੀ ਅਕਾਲੀ ਦਲ ਨੂੰ ਦਿਲ ਖੋਲ੍ਹ ਕੇ ਭੰਡਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮਾਸਟਰ ਤਾਰਾ ਸਿੰਘ ਦੀ ਜ਼ਿੰਦਗੀ 'ਤੇ ਚਾਨਣਾ ਪਾਉਂਦਿਆਂ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣ ਦੀ ਗੱਲ ਕੀਤੀ। ਅਕਾਲੀ ਦਲ ਦੇ ਬਾਨੀ ਤੇ ਪੰਥ ਰਤਨ ਮਾਸਟਰ ਤਾਰਾ ਸਿੰਘ ਦੀ ਡੇਢ ਸੌ ਰੁਪਏ ਤਨਖ਼ਾਹ ਵਿੱਚੋਂ ਸੌ ਰੁਪਏ ਬੱਚਿਆਂ ਲਈ ਦਾਨ ਕਰਨ ਵਾਲੀ ਗੱਲ 'ਤੇ ਲੇਟੈਸਟ ਪੰਥ ਰਤਨ ਦੇ ਪਰਿਵਾਰ 'ਤੇ ਸ਼ਬਦੀ ਹਮਲਾ ਬੋਲਦਿਆਂ ਸਿੱਧੂ ਨੇ ਕਿਹਾ ਕਿ ਅੱਜ ਸੁਖਬੀਰ ਬਾਦਲ ਨੇ ਟ੍ਰਾਂਸਪੋਰਟ ਤੇ ਹੋਟਲ ਖੜ੍ਹੇ ਕਰਕੇ ਅਕਾਲੀ ਦਲ ਦਾ ਦਸਤੂਰ ਹੀ ਬਦਲ ਦਿੱਤਾ ਹੈ। ਸਿੱਧੂ ਨੇ ਕਿਹਾ ਕਿ ਮਾਸਟਰ ਤਾਰਾ ਸਿੰਘ ਦੀ ਸੂਬੇ ਲਈ ਜੋ ਦੇਣ ਹੈ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ। ਸਿੱਧੂ ਨੇ ਇਸ ਮੌਕੇ ਐਲਾਨ ਕਰਦਿਆਂ ਅੰਮ੍ਰਿਤਸਰ ਦੇ ਕੋਕਾ ਕੋਲਾ ਚੌਕ ਨੂੰ ਮਾਸਟਰ ਤਾਰਾ ਸਿੰਘ ਚੌਕ ਦੇ ਨਾਂ 'ਤੇ ਤਬਦੀਲ ਕਰਨ ਦਾ ਐਲਾਨ ਕੀਤਾ ਤੇ ਨਾਲ ਹੀ ਕਿਹਾ ਕਿ ਜੇ ਪਰਿਵਾਰ ਦੀ ਮਨਜ਼ੂਰੀ ਮਿਲ ਗਈ ਤਾਂ ਉਹ ਮਾਸਟਰ ਤਾਰਾ ਸਿੰਘ ਦੇ ਘਰ ਨੂੰ ਅਜਾਇਬ ਘਰ ਵਜੋਂ ਸਥਾਪਤ ਕਰਨ ਦੀ ਤਸਵੀਰ ਸਰਕਾਰ ਅੱਗੇ ਰੱਖਣਗੇ। ਇਸ ਮੌਕੇ ਮਾਸਟਰ ਤਾਰਾ ਸਿੰਘ ਦਾ ਪਰਿਵਾਰ ਕਾਫੀ ਖੁਸ਼ ਸੀ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਮਾਸਟਰ ਤਾਰਾ ਸਿੰਘ ਦੀ ਦੋਹਤੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਕਿਰਨਜੋਤ ਕੌਰ ਪਹਿਲਾਂ ਵੀ ਪੰਥਕ ਮੁੱਦਿਆਂ ਤੇ ਆਪਣੇ ਵਿਚਾਰ ਬੇਬਾਕੀ ਨਾਲ ਰੱਖਦੀ ਰਹੀ ਹੈ। ਉਨ੍ਹਾਂ ਨੇ ਲੰਗਰ ਤੇ ਜੀਐਸਟੀ ਸਮੇਤ ਕਈ ਮੁੱਦਿਆਂ ਤੇ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਫੈਸਲਿਆਂ ਦਾ ਵਿਰੋਧ ਕੀਤਾ ਹੈ। ਜ਼ਿਕਰਯੋਗ ਹੈ ਕਿ ਸਿੱਧੂ ਸਮੇਤ ਕਾਂਗਰਸ ਦੇ ਕਈ ਲੀਡਰ ਆਪਣੀਆਂ ਸਟੇਜਾਂ ਤੋਂ ਕਈ ਵਾਰ ਟਕਸਾਲੀ ਅਕਾਲੀਆਂ ਦੀ ਸਿਫਤ ਕਰਦੇ ਦਿਖਾਈ ਦਿੰਦੇ ਹਨ। ਖ਼ੁਦ ਸਿੱਧੂ ਵੀ ਰਣਜੀਤ ਸਿੰਘ ਬ੍ਰਹਮਪੁਰਾ, ਸੁਖਦੇਵ ਸਿੰਘ ਢੀਂਡਸਾ ਰਤਨ ਸਿੰਘ ਅਜਨਾਲਾ ਆਦਿ ਵਰਗਿਆਂ ਦਾ ਨਾਂ ਲੈ ਕੇ ਉਨ੍ਹਾਂ ਨੂੰ ਸੁਖਬੀਰ ਤੇ ਮਜੀਠੀਆ ਜੋੜੀ ਵੱਲੋਂ ਅਣਗੌਲਿਆਂ ਕਰਨ ਦਾ ਦੋਸ਼ ਲਗਾਉਂਦੇ ਰਹੇ ਹਨ। ਇਹ ਪਹਿਲਾ ਮੌਕਾ ਨਹੀਂ ਹੈ ਜਦ ਕਾਂਗਰਸ ਸਰਕਾਰ ਨੇ ਪੰਥਕ ਰਾਜਨੀਤੀ ਦੇ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਬਰਸੀ ਵੀ ਮਨਾ ਚੁੱਕੀ ਹੈ ਤੇ ਹੁਣ ਮਾਸਟਰ ਤਾਰਾ ਸਿੰਘ ਦਾ ਜਨਮ ਦਿਹਾੜਾ ਮਨਾ ਕੇ ਕਾਂਗਰਸ ਨੇ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਅਕਾਲੀ ਦਲ ਦੀ ਹਰ ਚੰਗਿਆਈ ਨੂੰ ਉਹ 'ਕੈਸ਼' ਕਰਨ ਵਿੱਚ ਸਮਰੱਥ ਹਨ।