ਅੰਮ੍ਰਿਤਸਰ: ਸੂਬਾ ਸਰਕਾਰ ਨੇ ਹਰੀਕੇ ਦੇ 4,100 ਹੈਕਟੇਅਰ ਵਿੱਚ ਫੈਲੀ ਰੱਖ ਦੇ ਖੇਤਰ ਵਿੱਚ ਪਾਣੀ ਵਾਲੀ ਬੱਸ ਦਾ ਸੌਦਾ ਖ਼ਤਮ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਹ ਪ੍ਰਾਜੈਕਟ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸ਼ੁਰੂ ਕੀਤਾ ਗਿਆ ਸੀ। ਹੁਣ ਸੈਰ ਸਪਾਟਾ ਵਿਭਾਗ ਇਸ ਦੀ ਥਾਂ ਕਸ਼ਮੀਰ ਵਿੱਚ ਪ੍ਰਚਲਿਤ ਸ਼ਿਕਾਰਿਆਂ ਦਾ ਇਸਤੇਮਾਲ ਕਰਨ ਦੀ ਯੋਜਨਾ ਉਲੀਕੇ ਰਿਹਾ ਹੈ।
ਸ਼ਨੀਵਾਰ ਨੂੰ ਇਸ ਸਬੰਧੀ ਐਲਾਨ ਕਰਦਿਆਂ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜਾਣਕਾਰੀ ਦਿੱਤੀ ਕਿ ਪਾਣੀ ਵਾਲੀ ਬੱਸ ’ਤੇ ਕੁੱਲ ਨੌਂ ਕਰੋੜ ਦਾ ਖ਼ਰਚ ਕੀਤਾ ਗਿਆ ਪਰ ਹੁਣ ਤਕ ਇਸ ਤੋਂ ਸਿਰਫ 66 ਹਜ਼ਾਰ ਦੀ ਕਮਾਈ ਕੀਤੀ ਗਈ ਹੈ। ਇਸ ਲਈ ਰਿਪੋਰਟਾਂ ਦੇ ਆਧਾਰ ’ਤੇ ਸਰਕਾਰ ਨੇ ਇਸ ਪ੍ਰਾਜੈਕਟ ਨੂੰ ਖ਼ਤਮ ਕਰਨ ਦੀ ਫੈਸਲਾ ਕੀਤਾ ਹੈ। ਉਨ੍ਹਾਂ ਪਾਣੀ ਵਾਲੀ ਬੱਸ ਨੂੰ ‘ਘੜੁੱਕਾ’ ਕਰਾਰ ਦਿੱਤਾ। ਯਾਦ ਰਹੇ ਕਿ ਪਿਛਲੀ ਸ਼੍ਰੋਮਣੀ ਅਕਾਲੀ ਦਲ-ਬੀਜੇਪੀ ਸਰਕਾਰ ਦੇ ਕਾਰਜਕਾਲ ਦੌਰਾਨ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਇਸ ਦੀ ਪੇਸ਼ਕਸ਼ ਕੀਤੀ ਸੀ।
ਸਿੱਧੂ ਨੇ ਦੱਸਿਆ ਕਿ ਉਹ ਇਸ ਪਾਣੀ ਵਾਲੀ ਬੱਸ ਦੀ ਨਿਲਾਮੀ ਕਰਵਾਉਣਗੇ। ਜੇ ਕਿਸੇ ਨੇ ਬੱਸ ਨੂੰ ਨਾ ਖਰੀਦਿਆ ਤਾਂ ਇਸ ਬੱਸ ਨੂੰ ਗੁਰਦਾਸਪੁਰ ਦੇ ਦਿਹਾਤ ਖੇਤਰ ਦੇ ਵਸਨੀਕਾਂ ਲਈ ਇਸਤੇਮਾਲ ਕੀਤਾ ਜਾਏਗਾ ਜਿਨ੍ਹਾਂ ਦੀ ਆਵਾਜਾਈ ਲਈ ਦਰਿਆ ਵੱਡਾ ਅੜਿੱਕਾ ਬਣਿਆ ਰਹਿੰਦਾ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਉਨ੍ਹਾਂ ਆਸਪਾਸ ਦੇ 19 ਪਿੰਡਾਂ ਦੀ ਪਛਾਣ ਕਰ ਲਈ ਹੈ ਜਿਨ੍ਹਾਂ ਨੂੰ ਕਰੀਬ 150 ਕਰੋੜ ਦੀ ਲਾਗਤ ਵਾਲੇ ਅੰਮ੍ਰਿਤਸਰ ਸੈਰ ਸਪਾਟਾ ਸਰਕਟ ਪਲਾਨ ਨਾਲ ਜੋੜਿਆ ਜਾਏਗਾ। ਉਨ੍ਹਾਂ ਕਿਹਾ ਕਿ ਇਹ ਘਰੇਲੂ ਤੇ ਆਲਮੀ ਸੈਲਾਨੀਆਂ ਨੂੰ ਉਤਸ਼ਾਹਿਤ ਕਰੇਗਾ।