ਚੰਡੀਗੜ੍ਹ: 1984 ਸਿੱਖ ਨਸਲਕੁਸ਼ੀ ਦੀ ਪੀੜਤ ਬੀਬੀ ਨਾਲ ਦਿੱਲੀ ਪੁਲਿਸ ਵੱਲੋਂ ਬਹੁਤ ਹੀ ਬੁਰਾ ਵਿਵਹਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨਸਲਕੁਸ਼ੀ ਦੇ ਉਸ ਕਾਲੇ ਦੌਰ ਵਿੱਚ ਪਰਿਵਾਰ ਦੇ 11 ਮੈਂਬਰ ਗਵਾ ਚੁੱਕੀ ਤਿਲਕ ਵਿਹਾਰ ਵਿੱਚ ਰਹਿੰਦੀ ਬੀਬੀ ਜਸਬੀਰ ਕੌਰ ਨੂੰ ਦਿੱਲੀ ਪੁਲਿਸ ਦੇ ਹੌਲਦਾਰ ਕ੍ਰਿਸ਼ਨ ਕੁਮਾਰ ਦਾ ਫੋਨ ਆਉਂਦਾ ਹੈ ਤੇ ਸੰਸਦ ਮਾਰਗ ਥਾਣੇ ਆਉਣ ਬਾਰੇ ਕਿਹਾ ਜਾਂਦਾ ਹੈ। ਬੀਬੀ ਵੱਲੋਂ ਥਾਣੇ ਪੁੱਜਣ ‘ਤੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਂਦਾ ਹੈ।

ਇਸ ਬਾਰੇ ਜਾਣਕਾਰੀ ਮਿਲਣ ਤੇ ਵਕੀਲਾਂ ਸਮੇਤ ਥਾਣੇ ਪੁੱਜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਕੋ-ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੇ ਪੁਲਿਸ ਦੀ ਕਾਰਵਾਈ ਨੂੰ ਗਲਤ ਕਰਾਰ ਦਿੱਤਾ ਤੇ ਖੁਦ ਥਾਣੇ ਬੁਲਾ ਕੇ ਗ੍ਰਿਫਤਾਰ ਕਰਨ ਦਾ ਗੈਰਕਾਨੂੰਨੀ ਕਾਰਨ ਪੁੱਛਿਆ। ਦਰਅਸਲ ਪਰਿਵਾਰ ਦੇ 11 ਮੈਂਬਰਾਂ ਦੇ ਕਤਲ ਤੋਂ ਬਾਅਦ ਸਰਕਾਰ ਵੱਲੋਂ ਜਸਬੀਰ ਕੌਰ ਨੂੰ ਦਿੱਲੀ ਨਗਰ ਨਿਗਮ ਵਿੱਚ ਚੌਥੀ ਸ਼੍ਰੇਣੀ ਦੇ ਕਰਮਚਾਰੀ ਦੇ ਤੌਰ ‘ਤੇ ਨੌਕਰੀ ਦਿੱਤੀ ਗਈ ਸੀ ਪਰ 2005 ਵਿੱਚ ਨਾਨਾਵਤੀ ਕਮਿਸ਼ਨ ਦੇ ਬਾਹਰ ਬਿਨਾਂ ਮਨਜ਼ੂਰੀ ਦੇ ਹੋਏ ਧਰਨਾ ਪ੍ਰਦਰਸ਼ਨ ਨੂੰ ਆਧਾਰ ਬਣਾ ਕੇ ਦਿੱਲੀ ਪੁਲਿਸ ਨੇ ਐਫ.ਆਈ.ਆਰ. ਨੰਬਰ 219/05 ਵਿੱਚ ਕਈ ਧਾਰਾਵਾਂ ਤਹਿਤ ਬੀਬੀ ਜਸਬੀਰ ਕੌਰ ਨੂੰ ਦੋਸ਼ੀ ਬਣਾ ਦਿੱਤਾ। 15 ਜੁਲਾਈ, 2013 ਨੂੰ ਦਿੱਲੀ ਪੁਲਿਸ ਦੀ ਸਿਫ਼ਾਰਸ ‘ਤੇ ਪਟਿਆਲਾ ਹਾਊਸ ਕੋਰਟ ਨੇ ਬੀਬੀ ਜਸਬੀਰ ਕੌਰ ਨੂੰ ਐਲਾਨੀਆ ਅਪਰਾਧੀ (ਪੀ.ਓ.) ਦੱਸਦੇ ਹੋਏ ਭਗੋੜਾ ਵੀ ਕਰਾਰ ਦੇ ਦਿੱਤਾ।

ਉਨ੍ਹਾਂ ਸਵਾਲ ਚੁੱਕੇ ਤੇ ਕਿਹਾ 2005 ਤੋਂ ਅੱਜ ਤਕ ਮੁਲਜ਼ਮ ਨੂੰ ਕੋਈ ਸੰਮਨ ਪੁਲਿਸ ਵੱਲੋਂ ਨਹੀਂ ਦਿੱਤਾ ਗਿਆ ਤੇ ਪਿਛਲੇ 30 ਸਾਲਾਂ ਤੋਂ ਸਰਕਾਰੀ ਨੌਕਰੀ ਕਰ ਰਹੀ ਬੀਬੀ ਜਸਬੀਰ ਕੌਰ ਭਗੋੜਾ ਕਿਵੇਂ ਹੋ ਸਕਦੀ ਹੈ? 58 ਸਾਲ ਦੀ ਬੁਜੂਰਗ ਬੀਬੀ ਨੂੰ ਬਿਨਾਂ ਕਿਸੇ ਦੋਸ਼ ’ਤੇ ਨਿਆਇਕ ਹਿਰਾਸਤ ਵਿਚ ਭੇਜਣਾ ਉਸ ਦੀ ਨੌਕਰੀ ਅਤੇ ਸੇਵਾ ਮੁਕਤੀ ਤੋਂ ਬਾਅਦ ਮਿਲਣ ਵਾਲੇ ਫਾਇਦੇ ਤੋਂ ਵਾਂਝੇ ਕਰਨ ਦੇ ਬਰਾਬਰ ਹੋਵੇਗਾ। ਜੱਜ ਸੁਮੀਤ ਅਨੰਦ ਨੇ ਬਚਾਅ ਪੱਖ ਦੀਆਂ ਦਲੀਲਾਂ ਨੂੰ ਸੁਣਨ ਉਪਰੰਤ ਕੱਲ ਸ਼ਾਮ ਨੂੰ ਤਿੰਨ ਦਿਨ ਦੀ ਅੰਤ੍ਰਿਮ ਜਮਾਨਤ ਬੀਬੀ ਜਸਬੀਰ ਕੌਰ ਨੂੰ ਦਿੰਦੇ ਹੋਏ ਦਿੱਲੀ ਪੁਲਿਸ ਦੇ ਅਧਿਕਾਰੀਆਂ ਨੂੰ ਕਰੜੀ ਫਟਕਾਰ ਵੀ ਲਗਾਈ।

ਜੌਲੀ ਨੇ ਇਸ ਸਾਰੇ ਘਟਨਾਕਰਮ ਨੂੰ ਦਿੱਲੀ ਪੁਲਿਸ ਦੀ ਲਾਪਰਵਾਹੀ ਨਾਲ ਜੋੜਦੇ ਹੋਏ ਦੋਸ਼ ਲਾਇਆ ਕਿ ਇੱਕ ਪਾਸੇ 1984 ਦੇ ਕਾਤਲ ਖੁਲ੍ਹੇਆਮ ਘੁੰਮ ਰਹੇ ਹਨ ਤੇ ਦੂਜੇ ਪਾਸੇ ਪੀੜਤਾਂ ਨੂੰ ਇਨਸਾਫ਼ ਦੇਣ ਦੀ ਬਜਾਏ ਦੋਸ਼ੀ ਬਣਾ ਕੇ ਜੇਲ੍ਹਾਂ ਵਿੱਚ ਭੇਜਣ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਜੌਲੀ ਨੇ ਹੈਰਾਨੀ ਜਤਾਈ ਕਿ ਦਿੱਲੀ ਪੁਲਿਸ ਕਿਸ ਤਰੀਕੇ ਨਾਲ ਘਰ ਬੈਠੇ ਹੀ ਕਿਸੇ ਨੂੰ ਭਗੋੜਾ ਐਲਾਨ ਕਰਨ ਤੋਂ ਬਾਅਦ ਖੁਦ ਥਾਣੇ ਬੁਲਾ ਕੇ ਗ੍ਰਿਫ਼ਤਾਰੀ ਦਿਖਾ ਦਿੰਦੀ ਹੈ।