ਫਤਹਿਗੜ੍ਹ ਸਾਹਿਬ: ਜਿੱਥੇ ਅੱਜ ਪੂਰਾ ਦੇਸ਼ 73ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਣੇ ਕੁਝ ਗਰਮਖਿਆਲੀ ਸਿੱਖ ਸੰਗਠਨਾਂ ਵੱਲੋਂ ਆਜ਼ਾਦੀ ਦਿਹਾੜੇ ਨੂੰ ਪੰਜਾਬ ‘ਚ ਕਾਲੇ ਦਿਹਾੜਾ ਵਜੋਂ ਮਨਾਇਆ ਗਿਆ। ਇਸੇ ਲੜੀ ‘ਚ ਜ਼ਿਲ੍ਹਾ ਫਤਹਿਗੜ੍ਹ ਸਾਹਿਬ ‘ਚ ਸ਼੍ਰੋਅਦ ਅੰਮ੍ਰਿਤਸਰ ਦੀ ਨੁਮਾਇੰਦਗੀ ‘ਚ ਸਿੱਖ ਸੰਗਠਨਾਂ ਵੱਲੋਂ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਖਾਲਿਸਤਾਨ ਦੇ ਨਾਅਰੇ ਲਾਏ ਗਏ।

ਫਤਿਹਗੜ੍ਹ ਸਾਹਿਬ ‘ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਦਲ ਖਾਲਸਾ, ਅਕਾਲੀ ਦਲ ਯੂਨਾਈਟਿਡ ਤੇ ਹੋਰ ਗਰਮਖਿਆਲ ਸਿੱਖ ਸਮੂਹ ਇਕੱਠੇ ਹੋਏ। ਉਨ੍ਹਾਂ ਨੇ ਕਾਲੀਆਂ ਪੱਟੀਆਂ ਬੰਨ੍ਹੀਆਂ ਸੀ ਤੇ ਹੱਥਾਂ ‘ਚ ਪੋਸਟਰ ਫੜ੍ਹ ਕੇ ਜ਼ਿਲ੍ਹਾ ਕੰਪਲੈਕਸ ਤਕ ਮਰਚ ਕੱਢਿਆ। ਇਸ ਦੌਰਾਨ ਸੜਕਾਂ ਖਾਲਿਸਤਾਨ ਦੇ ਨਾਅਰਿਆਂ ਨਾਲ ਗੂੰਜ ਉੱਠੀਆਂ।



ਇਸ ਪ੍ਰਦਰਸ਼ਨ ‘ਚ ਸ਼ਾਮਲ ਨੇਤਾਵਾਂ ਦਾ ਕਹਿਣਾ ਸੀ ਕਿ ਬੇਸ਼ੱਕ ਅਸੀਂ 73ਵਾਂ ਆਜ਼ਾਦੀ ਦਿਹਾੜਾ ਮਨਾ ਰਹੇ ਹਾਂ ਪਰ ਅਸੀਂ ਆਜ਼ਾਦ ਨਹੀਂ ਹਾਂ। ਹਰ ਵਾਰ ਘੱਟ ਗਿਣਤੀ ਨੂੰ ਦਬਾ ਕੇ ਵਧੇਰੇ ਗਿਣਤੀ ਵਰਗ ਨੂੰ ਖੁਸ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਸਿੱਖ ਸੰਗਠਨਾਂ ਨੂੰ ਬੋਲਣ ਦੀ ਆਜ਼ਾਦੀ ਨਹੀਂ ਹੈ। ਉਨ੍ਹਾਂ ਨੇ ਕਸ਼ਮੀਰ ਵਿੱਚੋਂ ਧਾਰਾ 370 ਨੂੰ ਖ਼ਤਮ ਕਰਨ ਨੂੰ ਗਲਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਹੈ।